ਜਲੰਧਰ, 8 ਅਪ੍ਰੈਲ,ਬੋਲੇ ਪੰਜਾਬ ਬਿਊਰੋ:
ਜਲੰਧਰ ‘ਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਚ ਧਮਾਕਾ ਹੋਇਆ ਹੈ। ਇਹ ਧਮਾਕਾ ਹੈਂਡ ਗ੍ਰੇਨੇਡ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ ਸ਼ੀਸ਼ਿਆਂ ਤੋਂ ਲੈ ਕੇ ਘਰ ਦੇ ਬਾਹਰ ਪਈਆਂ ਚੀਜ਼ਾਂ ਤੱਕ ਸਭ ਕੁਝ ਚਕਨਾਚੂਰ ਹੋ ਗਿਆ। ਮਨੋਰੰਜਨ ਕਾਲੀਆ ਨੇ ਕਿਹਾ ਕਿ ਇਹ ਇੱਕ ਯੋਜਨਾਬੱਧ ਹਮਲਾ ਹੈ।
ਮਨੋਰੰਜਨ ਕਾਲੀਆ ਨੇ ਦੱਸਿਆ ਕਿ ਰਾਤ ਕਰੀਬ ਸਾਢੇ 12 ਵਜੇ ਉਹ ਆਪਣੇ ਪਰਿਵਾਰ ਸਮੇਤ ਘਰ ‘ਚ ਸਨ। ਮਨੋਰੰਜਨ ਕਾਲੀਆ ਨੇ ਦੱਸਿਆ ਕਿ ਬਾਹਰ ਦੀਆਂ ਲਾਈਟਾਂ ਬੰਦ ਸਨ ਅਤੇ ਇਸੇ ਦੌਰਾਨ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਦੇ ਨਾਲ ਹੀ ਟੁੱਟਣ ਦੀ ਆਵਾਜ਼ ਵੀ ਸੁਣਾਈ ਦਿੱਤੀ, ਜਿਸ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਦੇਖਿਆ ਕਿ ਦਰਵਾਜ਼ੇ ਤੋਂ ਲੈ ਕੇ ਅੰਦਰ ਖੜ੍ਹੀ ਕਾਰ ਦੇ ਸ਼ੀਸ਼ੇ ਤੱਕ ਟੁੱਟੇ ਹੋਏ ਸਨ।
ਲੋਕਾਂ ਲਈ ਲਗਾਈ ਗਈ ਪਾਣੀ ਵਾਲੀ ਟੈਂਕੀ ‘ਤੋਂ ਗਲਾਸ ਖਿੱਲਰੇ ਹੋਏ ਸਨ। ਮਨੋਰੰਜਨ ਕਾਲੀਆ ਨੇ ਕਿਹਾ ਕਿ ਇਹ ਸੋਚੀ ਸਮਝੀ ਸਾਜ਼ਿਸ਼ ਹੈ।
ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਇਸ ਹਮਲੇ ਬਾਰੇ ਏਡੀਸੀਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਲੈਬ ਦੀ ਟੀਮ ਮੌਕੇ ‘ਤੇ ਪਹੁੰਚੀ ਹੈ। ਉਨ੍ਹਾਂ ਦੀ ਜਾਂਚ ਤੋਂ ਬਾਅਦ ਹੀ ਕਿਹਾ ਜਾ ਸਕੇਗਾ ਕਿ ਧਮਾਕਾ ਕਿਸ ਚੀਜ਼ ਨਾਲ ਹੋਇਆ।












