ਚੰਡੀਗੜ੍ਹ, 8 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਪੰਜਾਬ ਪੁਲਿਸ ਨੂੰ ਨੇਪਾਲ ਵਿੱਚ ਬਿਨਾਂ ਆਗਿਆ ਕਾਰਵਾਈ ਕਰਨੀ ਭਾਰੀ ਪੈ ਗਈ। ਫਰਵਰੀ ਮਹੀਨੇ, ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਦੀ ਲਗਭਗ ਛੇ ਅਧਿਕਾਰੀਆਂ ਦੀ ਟੀਮ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਨਾਗਾਰਜੁਨ ਇਲਾਕੇ ਵਿੱਚ ਨਸ਼ਾ ਮਾਮਲੇ ਸਬੰਧੀ ਇਕ ਗਿਰਫ਼ਤਾਰੀ ਲਈ ਗਈ ਸੀ। ਇਹ ਟੀਮ ਇਕ ਰੈਸਟੋਰੈਂਟ ਦੇ ਨੇੜੇ ਕਾਰਵਾਈ ਕਰ ਰਹੀ ਸੀ, ਪਰ ਇਸ ਤੋਂ ਪਹਿਲਾਂ ਨਾ ਤਾਂ ਕੇਂਦਰ ਸਰਕਾਰ ਤੋਂ ਆਗਿਆ ਲਈ ਗਈ ਸੀ ਅਤੇ ਨਾ ਹੀ ਨੇਪਾਲ ਦੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।
ਜਦੋਂ ਨੇਪਾਲ ਪੁਲਿਸ ਨੂੰ ਇਸ ਗੁਪਤ ਓਪਰੇਸ਼ਨ ਦੀ ਸੂਹ ਲੱਗੀ, ਤਾਂ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਮਾਮਲਾ ਗੰਭੀਰ ਹੋਣ ਕਰਕੇ ਨੇਪਾਲ ਨੇ ਇਸ ਮਸਲੇ ਨੂੰ ਭਾਰਤ ਦੀ ਕੇਂਦਰ ਸਰਕਾਰ ਅੱਗੇ ਉਠਾਇਆ। ਬਾਅਦ ਵਿੱਚ, ਦੋਹਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਵਿਚਾਲੇ ਗੱਲਬਾਤ ਹੋਈ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਨੂੰ ਰਿਹਾਅ ਕਰ ਦਿੱਤਾ ਗਿਆ।
ਇਸ ਘਟਨਾ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਖ਼ਤ ਰਵੱਈਆ ਅਖਤਿਆਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੂੰ ਵੀ ਇਸ ਬੇਨਿਯਮੀ ਲਈ ਫਟਕਾਰਿਆ ਗਿਆ ਹੈ। ਨਾਲ ਹੀ, 19 ਮਾਰਚ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਅਤੇ ਡੀਜੀਪੀਜ਼ ਨੂੰ ਇੱਕ ਪੱਤਰ ਜਾਰੀ ਕਰਕੇ ਚੇਤਾਵਨੀ ਦਿੱਤੀ ਗਈ ਕਿ ਭਵਿੱਖ ਵਿੱਚ ਕਿਸੇ ਵੀ ਵਿਦੇਸ਼ੀ ਧਰਤੀ ‘ਤੇ ਕਾਰਵਾਈ ਕਰਨ ਤੋਂ ਪਹਿਲਾਂ ਸਭ ਸੰਬੰਧਿਤ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਏਗੀ।












