ਅਧਿਆਪਕ ਦੇ ਰੁਤਬੇ ਦੀ ਕੋਈ ਬਰਾਬਰੀ ਨਹੀਂ
————————
ਅਧਿਆਪਕ ਨੂੰ ਦੇਸ਼ ਤੇ ਭਵਿੱਖ ਦਾ ਨਿਰਮਾਤਾ ਕਹਿ ਕੇ ਉਸਦੀ ਵਡਿਆਈ ਕੀਤੀ ਜਾਂਦੀ ਹੈ ਤੇ ਕਰਨੀ ਵੀ ਬਣਦੀ ਹੈ ।ਭਾਂਵੇ ਅਧਿਆਪਕ ਤੋਂ ਅਧਿਆਪਕ ਵਾਲੇ ਕੰਮ ਦੇ ਨਾਲ ਨਾਲ ਹੋਰ ਕੰਮ ਕਰਵਾ ਕੇ ਉਸਦੇ ਸਨਮਾਨ ਨੂੰ ਠੇਸ ਪਹੁੰਚਾਈ ਜਾ ਰਹੀ ਹੈ।ਫਿਰ ਵੀ ਅਧਿਆਪਕ ਦਾ ਰੁਤਬਾ ਘਟਿਆ ਨਹੀਂ ਹੈ।ਜਿਸ ਦੀ ਪੁਖ਼ਤਾ ਮਿਸਾਲ ਮੈਂ ਆਪਣੀ ਅੱਖੀਂ ਵੇਖੀ ਹੈ। ਬੜੀ ਖੁਸ਼ੀ ਮਿਲਦੀ ਹੈ ਜਦੋ ਕਿਧਰੇ ਪਤਨੀ ਨਾਲ ਬਜ਼ਾਰ ਵਗ਼ੈਰਾ ਜਾਂਦਿਆਂ ਉਸ ਵੱਲੋਂ ਪੜ੍ਹਾਏ ਵਿਦਿਆਰਥੀ ਰੁਕ ਕੇ ਸਪੈਸ਼ਲ ਉਸਦੇ ਪੈਰ ਛੂਹੰਦੇ ਹਨ ਤੇ ਸਤਕਾਰ ਨਾਲ ਹੱਥ ਜੋੜ ਕਿ ਸਤਿ ਸ੍ਰੀ ਅਕਾਲ ਬੁਲਾਉਣ ਦੇ ਨਾਲ ਨਾਲ ਹਾਲ ਚਾਲ ਪੁੱਛਦੇ ਹਨ।ਅਜਿਹਾ ਇੱਕ ਵਾਰ ਨਹੀਂ ਸਗੋਂ ਅਨੇਕਾਂ ਵਾਰ ਹੋਇਆ ਹੈ।ਹਾਲਾਂਕਿ ਕਈ ਵਾਰ ਪਤਨੀ ਨੂੰ ਪੁੱਛਣਾ ਪੈਂਦਾ ਹੈ ਕੇ ਬੇਟਾ ਤੇਰਾ ਕੀ ਨਾਂ ਹੈ ? ਤੁਸੀਂ ਕਿਹੜੀ ਕਲਾਸ ਚ ਮੇਰੇ ਕੋਲ ਪੜ੍ਹੇ ਹੋ ? ਕਿਉਂਕਿ 25-26 ਸਾਲ ਦੇ ਆਪਣੇ ਅਧਿਆਪਨ ਕਿੱਤੇ ਦੌਰਾਨ ਉਹ ਹਜ਼ਾਰਾਂ ਵਿਦਿਆਰਥੀ ਨੂੰ ਪੜ੍ਹਾ ਚੁੱਕੇ ਹਨ।ਜਦੋ ਉਹ ਪਤਨੀ ਦੇ ਪੈਰ ਛੂਹਣ ਦੇ ਨਾਲ ਨਾਲ ਮੇਰੇ ਪੈਰ ਵੀ ਛੂਹੰਦੇ ਹਨ ਤਾਂ ਹੋਰ ਵੀ ਚੰਗਾ ਲੱਗਦਾ ਹੈ।ਜਦੋ ਪਤਨੀ ਪੁੱਛਦੇ ਹਨ ਕੇ ਬੇਟਾ ਅੱਜਕਲ ਤੁਸੀਂ ਕੀ ਕਰ ਰਹੇ ਹੋ?ਤਾਂ ਫਿਰ ਜਦੋ ਉਹ ਦੱਸਦੇ ਹਨ ਕਿ ਮੈਡਮ ਜੀ ਮੈਂ ਅੱਜਕਲ ਕਾਲਜ ਪੜ੍ਹ ਰਿਹਾ ਹਾਂ ਜਾਂ ਕੋਈ ਕਹਿੰਦਾ ਹੈ ਕੇ ਉਹ ਕੋਰਸ ਕਰ ਰਿਹਾ ਹੈ ਤੇ ਕੋਈ ਨੌਕਰੀ ਕਰਨ ਬਾਰੇ ਦੱਸਦਾ ਹੈ।ਸੱਚ ਜਾਣਿਓ ਉਸ ਵਕਤ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਉਨਾਂ ਵੱਲੋਂ ਪੜ੍ਹਾਏ ਹੋਏ ਵਿਦਿਆਰਥੀ ਆਪਣੀ ਜਿੰਦਗੀ ਚ ਸਫਲਤਾ ਵੱਲ ਕਦਮ ਪੁੱਟ ਰਹੇ ਹਨ।ਇਹ ਸੁਣ ਕਿ ਅਕਸਰ ਅਸੀ ਗੱਲਬਾਤ ਕਰਦੇ ਹੁੰਦੇ ਹਾਂ ਕੇ ਕੌਣ ਕਹਿੰਦਾ ਹੈ ਕੇ ਅਧਿਆਪਕ ਦਾ ਸਮਾਜ ਚ ਰੁਤਬਾ ਨਹੀਂ ਜਾਂ ਘੱਟ ਹੈ।
ਤੁਹਾਡਾ ਅਧਿਆਪਕ ਹੋਣ ਨਾਤੇ ਸਮਾਜ ਚ ਕੀ ਸਥਾਨ ਜਾਂ ਰੁਤਬਾ ਹੈ ਇਹ ਉਦੋ ਪਤਾ ਲੱਗਦਾ ਹੈ ਜਦੋ ਭਰੇ ਬਜ਼ਾਰ ਜਾਂ ਪਬਲਿਕ ਥਾਂਵਾਂ ਤੇ ਕੋਈ ਬੱਚਾ ਆਪਣਾ ਵਾਹਨ ਰੋਕ ਕੇ ਤੁਹਾਡੇ ਪੈਰ ਛੂਹੰਦਾ ਹੈ ਤੇ ਦੋਂਵੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਂਦਾ ਹੈ।ਇਹ ਕੋਈ ਘੱਟ ਰੁਤਬਾ ਹੈ।ਸੋਚ ਕੇ ਵੇਖੋ ਕੇ ਬੱਚੇ ਹੋਰ ਕਿਸੇ ਦੇ ਪੈਰ ਕਿਉਂ ਨਹੀਂ ਛੂਹੰਦੇ ਤੇ ਹੋਰ ਕਿਸੇ ਨੂੰ ਸਤਿ ਸ੍ਰੀ ਅਕਾਲ ਕਿਉਂ ਨਹੀਂ ਬੁਲਾਉਂਦੇ ? ਇਹ ਸਭ ਤੁਹਾਡੀ ਮੇਹਨਤ ਤੇ ਤੁਹਾਡੇ ਵੱਲੋਂ ਬੱਚੇ ਨੂੰ ਸਿਖਾਏ ਸੰਸਕਾਰ ਦਾ ਨਤੀਜਾ ਹੁੰਦਾ ਹੈ।ਕਿਸੇ ਬੱਚੇ ਵੱਲੋਂ ਆਪਣੇ ਅਧਿਆਪਕ ਦੇ ਪੈਰ ਛੂਹੇ ਜਾਣ ਵੇਲੇ ਜੋ ਸਕੂਨ ਅਧਿਆਪਕ ਨੂੰ ਮਿਲਦਾ ਹੈ ਉਹ ਸਮਾਜ ਚ ਉਸਦੇ ਉੱਚੇ ਰੁਤਬੇ ਦੀ ਬਾਤ ਪਾਉਂਦਾ ਨਜ਼ਰ ਆਉਂਦਾ ਹੈ।ਉਸ ਵਕਤ ਅਧਿਆਪਕ ਨੂੰ ਆਪਣੇ ਆਪ ਤੇ ਅਧਿਆਪਕ ਹੋਣ ਦਾ ਮਾਣ ਮਹਿਸੂਸ ਹੁੰਦਾ ਹੈ।ਮੈਂ ਕਈ ਵਾਰ ਸੋਚਦਾ ਹਾਂ ਕੇ ਅਧਿਆਪਕ ਨੂੰ ਬਣਦਾ ਮਾਣ ਸਨਮਾਨ ਦੇਣ ਚ ਬੇਸ਼ੱਕ ਸਾਡੀਆ ਸਰਕਾਰਾਂ ਫੇਲ੍ਹ ਹਨ।ਪਰ ਵਿਦਿਆਰਥੀਆਂ ਵੱਲੋਂ ਦਿੱਤਾ ਪਿਆਰ ਤੇ ਸਤਕਾਰ ਸਰਕਾਰਾ ਵੱਲੋਂ ਦਿੱਤੇ ਮਾਣ ਸਨਮਾਨ ਤੋ ਕਿਤੇ ਵਧੇਰੇ ਉੱਚਾ ਹੈ।ਇਸ ਲਈ ਹਰ ਅਧਿਆਪਕ ਨੂੰ ਆਪਣੇ ਆਪ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਇੱਕ ਅਧਿਆਪਕ ਹੈ।ਜੇ ਤੁਸੀਂ ਆਪਣੇ ਕਿੱਤੇ ਪ੍ਰਤੀ ਪੂਰੀ ਤਰਾਂ ਸਮਰਪਤ ਹੋ ਤਾਂ ਸਮਝੋ ਤੁਹਾਡੇ ਰੁਤਬੇ ਦੀ ਕੋਈ ਬਰਾਬਰੀ ਨਹੀਂ ਹੈ।ਸੋ ਅਧਿਆਪਕ ਨੂੰ ਆਪਣੇ ਕਿੱਤੇ ਦੀ ਮਹੱਤਤਾ ਨੂੰ ਸਮਝਦੇ ਹੋਏ ਈਮਾਨਦਾਰੀ ਤੇ ਸ਼ਿੱਦਤ ਨਾਲ ਬੱਚਿਆਂ ਦਾ ਭਵਿੱਖ ਸਵਾਰਨ ਦੀ ਵਾਹ ਲਾ ਦੇਣੀ ਚਾਹੀਦੀ ਹੈ ਤਾਂ ਕੇ ਉਸ ਵੱਲੋਂ ਪੜ੍ਹਾਏ ਬੱਚੇ ਹਮੇਸ਼ਾ ਅਧਿਆਪਕ ਨੂੰ ਹੱਥਾਂ ਉੱਤੇ ਚੁੱਕਣ ਲਈ ਤਤਪਰ ਰਹਿਣ।
ਲੈਕਚਰਾਰ ਅਜੀਤ ਖੰਨਾ
ਮੋਬਾਈਲ:76967-54669















