ਮੋਗਾ, 21 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਦੂਜੇ ਰਾਜਾਂ ਤੋਂ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਮੋਗਾ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਡੀ.ਐਸ.ਪੀ. (ਡੀ) ਸੁੱਖ ਅੰਮ੍ਰਿਤ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਸਮੇਤ ਬੱਸ ਸਟੈਂਡ ਲੋਹਾਰਾ ਮੇਨ ਹਾਈਵੇ ਮੋਗਾ-ਕੋਟਸੇ ਖਾਂ ਰੋਡ ਤੋਂ ਗਸ਼ਤ ’ਤੇ ਜਾ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਕਿ ਸੁਖਪਾਲ ਸਿੰਘ ਉਰਫ਼ ਸੁੱਖ ਵਾਸੀ ਪਿੰਡ ਹਰਿਆਓ, ਹਰਪ੍ਰੀਤ ਸਿੰਘ ਹੈਰੀ ਵਾਸੀ ਪਿੰਡ ਗੰਢੂਆ, ਸੰਪੂਰਨ ਕਲਿਆਣ ਉਰਫ਼ ਸ਼ੰਟੀ ਵਾਸੀ ਸੁੰਦਰ ਨਗਰ ਕੋਟਾਈਸੇ ਖਾਂ ਅਤੇ ਦਲਜੀਤ ਸਿੰਘ ਉਰਫ਼ ਪਾਰਸ ਮੋਗਾ ਰੋਡ ਕੋਟਈਸੇ ਖਾਂ ਕੋਲ ਨਾਜਾਇਜ਼ ਅਸਲੇ ਹਨ ਅਤੇ ਅੱਜ ਕੱਲ੍ਹ ਉਹ ਪਿੰਡ ਮੋਕੇ ਖਾਂ ਮੁੱਖ ਮਾਰਗ ‘ਤੇ ਬੱਸ ਅੱਡੇ ਵਿੱਚ ਕਿਸੇ ਦੀ ਉਡੀਕ ਕਰ ਰਹੇ ਹਨ।
ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਅਸਲੇ ਸਮੇਤ ਫੜੇ ਜਾ ਸਕਦੇ ਹਨ, ਜਿਸ ‘ਤੇ ਪੁਲਿਸ ਨੇ ਥਾਣਾ ਕੋਟਈਸੇ ਖਾਂ ‘ਚ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਉਕਤ ਚਾਰਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਦੇਸੀ ਪਿਸਤੌਲ 32 ਬੋਰ ਦੇ, 3 ਮੈਗਜ਼ੀਨ 32 ਬੋਰ ਦੇ ਅਤੇ 32 ਬੋਰ ਦੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲਿਸ ਵੱਲੋਂ ਕਾਬੂ ਕੀਤੇ ਕਥਿਤ ਦੋਸ਼ੀ ਸੁਖਪਾਲ ਸਿੰਘ ਉਰਫ਼ ਸੁੱਖ ਕੋਲੋਂ ਪੁੱਛਗਿੱਛ ਦੌਰਾਨ ਇੱਕ 32 ਬੋਰ ਦੇਸੀ ਪਿਸਤੌਲ ਸਮੇਤ ਇੱਕ ਮੈਗਜ਼ੀਨ ਅਤੇ ਇੱਕ ਕਾਰਤੂਸ ਜੋ ਕਿ ਉਸ ਨੇ ਪਿੰਡ ਵਾਰੇ ਦੇ ਬੱਸ ਸਟੈਂਡ ਨੇੜੇ ਲੁਕਾਇਆ ਹੋਇਆ ਸੀ, ਬਰਾਮਦ ਕੀਤਾ ਗਿਆ। ਸੀਆਈਏ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਮੱਧ ਪ੍ਰਦੇਸ਼ ਤੋਂ ਅਸਲਾ ਲੈ ਕੇ ਆਏ ਸਨ ਜੋ ਉਨ੍ਹਾਂ ਅੱਗੇ ਸਪਲਾਈ ਕਰਨਾ ਸੀ।












