ਨਵੀਂ ਦਿੱਲੀ, 21 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਸੋਮਵਾਰ ਨੂੰ ਤਿੰਨ ਦਿਨਾਂ ਦੌਰੇ ‘ਤੇ ਭਾਰਤ ਪਹੁੰਚਣਗੇ। ਵੈਨਸ ਆਪਣੀ ਭਾਰਤੀ ਮੂਲ ਦੀ ਪਤਨੀ ਊਸ਼ਾ ਅਤੇ ਤਿੰਨ ਬੱਚਿਆਂ ਨਾਲ ਆ ਰਹੇ ਹਨ। ਇਸ ਦੌਰਾਨ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਉਨ੍ਹਾਂ ਦਾ ਪਰਿਵਾਰ ਭਾਰਤ ਲਈ ਰਵਾਨਾ ਹੋਣ ਲਈ ਰੋਮ ਚਿਆਮਪਿਨੋ ਹਵਾਈ ਅੱਡੇ ‘ਤੇ ਪਹੁੰਚਿਆ। ਜਿੱਥੋਂ ਉਹ ਏਅਰ ਫੋਰਸ ਟੂ (ਏਐਫ2) ਜਹਾਜ਼ ਵਿੱਚ ਸਵਾਰ ਹੋ ਕੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਲਈ ਰਵਾਨਾ ਹੋਏ। ਉਹ ਅੱਜ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਦਿੱਲੀ ਪਹੁੰਚਣਗੇ। ਰੋਮ ਤੋਂ ਦਿੱਲੀ ਰਵਾਨਾ ਹੋਣ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਜੇਡੀ ਵੈਨਸ ਦਾ ਬੱਚਾ ਦੋਵੇਂ ਹੱਥਾਂ ਵਿੱਚ ਤਲਵਾਰ ਲੈ ਕੇ ਖੇਡਦਾ ਨਜ਼ਰ ਆ ਰਿਹਾ ਹੈ।
ਅਮਰੀਕੀ ਉਪ ਰਾਸ਼ਟਰਪਤੀ ਸ਼ਾਮ 6.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਨਗੇ। ਇਸ ਦੌਰਾਨ ਵਪਾਰ, ਟੈਰਿਫ, ਖੇਤਰੀ ਸੁਰੱਖਿਆ ਅਤੇ ਸਮੁੱਚੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਰਗੇ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ।
ਜੇਡੀ ਵੈਨਸ ਦੀ ਪਹਿਲੀ ਭਾਰਤ ਫੇਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਭਾਰਤ ਸਮੇਤ ਲਗਭਗ 60 ਦੇਸ਼ਾਂ ‘ਤੇ ਜਵਾਬੀ ਟੈਰਿਫ ਲਗਾਉਣ ਅਤੇ ਫਿਰ ਮੁਅੱਤਲ ਕਰਨ ਤੋਂ ਕੁਝ ਹਫਤੇ ਬਾਅਦ ਆਈ ਹੈ। ਭਾਰਤ ਅਤੇ ਅਮਰੀਕਾ ਟੈਰਿਫ ਅਤੇ ਬਾਜ਼ਾਰ ਪਹੁੰਚ ਸਮੇਤ ਵੱਖ-ਵੱਖ ਮੁੱਦਿਆਂ ਨੂੰ ਸੁਲਝਾਉਣ ਲਈ ਦੁਵੱਲੇ ਵਪਾਰ ਸਮਝੌਤੇ ‘ਤੇ ਲਗਾਤਾਰ ਚਰਚਾ ਕਰ ਰਹੇ ਹਨ। ਸੋਮਵਾਰ ਨੂੰ ਪੀਐਮ ਮੋਦੀ ਅਤੇ ਵਾਂਸ ਵਿਚਾਲੇ ਹੋਣ ਵਾਲੀ ਬੈਠਕ ਜਲਦੀ ਹੀ ਸਮਝੌਤੇ ਨੂੰ ਅੰਤਿਮ ਰੂਪ ਦੇਣ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ‘ਤੇ ਕੇਂਦਰਿਤ ਹੋਵੇਗੀ। ਵੈਨਸ ਦੇ ਨਾਲ ਪੈਂਟਾਗਨ ਅਤੇ ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਬੈਠਕ ‘ਚ ਹਿੱਸਾ ਲੈਣਗੇ, ਜਦਕਿ ਭਾਰਤ ਵਲੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਐੱਨਐੱਸਏ ਅਜੀਤ ਡੋਵਾਲ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਅਮਰੀਕਾ ‘ਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਹਿੱਸਾ ਲੈਣਗੇ।














