ਅੰਮ੍ਰਿਤਸਰ, 21 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਦੇ ਛੇਹਰਟਾ ਥਾਣਾ ਅਧੀਨ ਪੈਂਦੇ ਆਜ਼ਾਦ ਰੋਡ ਰੇਗਰਪੁਰਾ ਇਲਾਕੇ ਤੋਂ 26 ਸਾਲਾ ਲੜਕੀ ਦੇ ਰਹੱਸਮਈ ਹਾਲਾਤਾਂ ‘ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਸੋਨਾਲੀ ਇੱਕ ਸੈਲੂਨ ਚਲਾਉਂਦੀ ਹੈ ਅਤੇ ਉਸਦਾ ਸੈਲੂਨ ਛੇਹਰਟਾ ਬਾਜ਼ਾਰ ਵਿੱਚ ਹੈ। ਇਸ ਮੌਕੇ ਲਾਪਤਾ ਸੋਨਾਲੀ ਦੀ ਭੈਣ ਸੋਨਮ ਵਾਸੀ ਰੇਗਰਪੁਰਾ ਨੇ ਦੱਸਿਆ ਕਿ 16 ਅਪਰੈਲ ਨੂੰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਸੋਨਾਲੀ ਛੇਹਰਟਾ ਬਾਜ਼ਾਰ ਸਥਿਤ ਆਪਣੇ ਸੈਲੂਨ ਤੋਂ ਵਾਪਸ ਘਰ ਆ ਰਹੀ ਸੀ, ਪਰ ਘਰ ਨਹੀਂ ਪਹੁੰਚੀ।
ਜਦੋਂ ਕਾਫੀ ਦੇਰ ਤੱਕ ਜਦੋਂ ਉਹ ਘਰ ਨਹੀਂ ਪਰਤੀ ਅਤੇ ਉਹ ਉਸ ਨੂੰ ਲੱਭਣ ਲਈ ਦੁਕਾਨ ‘ਤੇ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੋਨਾਲੀ ਹਰ ਰੋਜ਼ ਦੀ ਤਰ੍ਹਾਂ ਸਮੇਂ ਸਿਰ ਘਰ ਗਈ ਸੀ। ਜਦੋਂ ਉਨ੍ਹਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਸੋਨਾਲੀ ਛੇਹਰਟਾ ਚੌਕ ਵੱਲ ਜਾਂਦੀ ਦਿਖਾਈ ਦਿੱਤੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਸਬੰਧੀ ਉਸ ਨੇ ਛੇਹਰਟਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸਾਹਮਣੇ ਆਇਆ ਹੈ ਕਿ ਸੋਨਾਲੀ ਦਾ ਆਪਣੇ ਸੈਲੂਨ ‘ਚ ਕੰਮ ਕਰਨ ਵਾਲੀ ਇਕ ਲੜਕੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਸੋਨਾਲੀ ਨੇ ਉਸ ਨੂੰ ਸੈਲੂਨ ‘ਚੋਂ ਬਾਹਰ ਕੱਢ ਦਿੱਤਾ ਸੀ। ਜਦੋਂ ਉਸ ਦਾ ਫੋਨ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਸੋਨਾਲੀ ਨੂੰ ਉਸੇ ਲੜਕੀ ਦੇ ਘਰੋਂ ਫੋਨ ਆਇਆ ਸੀ।
ਇਸ ਮੌਕੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਛੇਹਰਟਾ ਬਾਜ਼ਾਰ ਵਿੱਚ ਸੈਲੂਨ ਚਲਾਉਣ ਵਾਲੀ ਸੋਨਾਲੀ ਨਾਂ ਦੀ ਲੜਕੀ ਲਾਪਤਾ ਹੋ ਗਈ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।












