ਮੁੱਖ ਮੰਤਰੀ ਸਾਹਿਬ ਤੁਹਾਡੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਅਫਸਰਾਂ ਤੇ ਤੁਰੰਤ ਕਰੋ ਕਾਰਵਾਈ ਬਲਵਿੰਦਰ ਕੁੰਭੜਾ।
ਮੋਹਾਲੀ, 18 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਨਗਰ ਨਿਗਮ ਮੋਹਾਲੀ ਦੇ ਸੁਲੱਭ ਸ਼ੌਚਾਲਿਆ ਦੇ ਕਰਮਚਾਰੀਆਂ ਨਾਲ ਹੋ ਰਹੀ ਧੱਕੇਸ਼ਾਹੀ ਤੇ ਕੁਰੱਪਸ਼ਨ ਦੇ ਮਾਮਲੇ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਵਾਰ ਵਾਰ ਪ੍ਰਦਰਸ਼ਨ ਕਰਨ ਅਤੇ ਦਰਖਾਸਤਾਂ ਦੇਣ ਤੋਂ ਬਾਅਦ ਅਖੀਰ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਫਤਰ ਵਿੱਚੋਂ ਆਏ ਪੱਤਰ ਨਾਲ ਉਹਨਾਂ ਨੂੰ ਥੋੜਾ ਦਿਲਾਸਾ ਮਿਲਿਆ ਸੀ। ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਮੋਹਾਲੀ ਪ੍ਰਸ਼ਾਸਨ ਮੁੱਖ ਮੰਤਰੀ ਦਫਤਰ ਦੇ ਹੁਕਮਾਂ ਨੂੰ ਟਿੱਚ ਸਮਝ ਰਿਹਾ ਹੈ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।
ਸੁਲੱਭ ਸ਼ੌਚਾਲਿਆ ਕਰਮਚਾਰੀ ਐਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੇ ਸਹਿਯੋਗ ਨਾਲ ਲੰਮੀ ਲੜਾਈ ਲੜ ਰਹੇ ਹਨ ਤੇ ਅੱਜ ਪ੍ਰੈਸ ਮਿਲਣੀ ਵਿੱਚ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਕਰਮਚਾਰੀ ਸ਼ੌਚਾਲਿਆ ਠੇਕੇਦਾਰਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਹਨ। ਬਿਨਾਂ ਦੱਸੇ 200 ਮਜ਼ਦੂਰਾਂ ਨੂੰ ਇੱਕੋ ਵਾਰ ਕੱਢਣਾ ਤੇ ਦੁਬਾਰਾ ਨੌਕਰੀ ਤੇ ਰੱਖਣ ਅਤੇ ਰੁਕੀ ਹੋਈ ਤਨਖਾਹ ਲੈਣ ਦੇ ਨਾਂ ਤੇ ਕਿਸੇ ਤੋਂ 10 ਹਜਾਰ ਕਿਸੇ ਤੋਂ 20 ਹਜਾਰ ਆਦਿ ਮੋਟੀ ਰਕਮ ਵੀ ਬਟੋਰੀ ਗਈ। ਪੈਸੇ ਦੇਣ ਵਾਲਿਆਂ ਨੇ ਭ੍ਰਿਸ਼ਟ ਠੇਕੇਦਾਰਾਂ ਦੇ ਕਰਿੰਦਿਆਂ ਦੇ ਖਿਲਾਫ ਹਲਫੀਆ ਬਿਆਨ ਵੀ ਦਿੱਤੇ, ਪਰ ਪ੍ਰਸ਼ਾਸਨ ਦੇ ਕੰਨ ਤੇ ਜਿਉਂ ਤੱਕ ਨਹੀਂ ਸਰਕੀ। ਸ. ਕੁੰਭੜਾ ਨੇ ਕਿਹਾ ਕਿ ਜੋ ਅਧਿਕਾਰੀ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਹਨ ਉਹਨਾਂ ਵਿਰੁੱਧ ਬਣਦੀ ਕਾਰਵਾਈ ਕਰਕੇ ਇਹਨਾਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਕਰਮਚਾਰੀਆਂ ਨਾਲ ਇਨਸਾਫ ਕੀਤਾ ਜਾਵੇ।
ਸੁਲੱਭ ਸ਼ੌਚਾਲਿਆ ਕਰਮਚਾਰੀ ਯੂਨੀਅਨ ਦੇ ਜਨਰਲ ਸੈਕਟਰੀ ਰਿਸ਼ੀ ਰਾਜ ਮਹਾਰ ਨੇ ਕਿਹਾ ਕਿ ਜੇਕਰ ਨਗਰ ਨਿਗਮ ਮੋਹਾਲੀ ਅਤੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਅਸੀਂ ਪਰਿਵਾਰਾਂ ਸਮੇਤ ਸੜਕਾਂ ਤੇ ਬੈਠਣ ਲਈ ਮਜਬੂਰ ਹੋ ਜਾਵਾਂਗੇ। ਜਿਸਦੇ ਜਿੰਮੇਵਾਰ ਨਗਰ ਨਿਗਮ ਮੋਹਾਲੀ ਅਤੇ ਪ੍ਰਸ਼ਾਸਨ ਹੋਵੇਗਾ। ਜੋ ਪ੍ਰਸ਼ਾਸਨ ਸਾਡੀਆਂ ਸੁਲੱਭ ਸ਼ੌਚਾਲਿਆ ਦੇ ਕਰਮਚਾਰੀਆਂ ਦੀਆਂ ਮਾਮੂਲੀ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ। ਉਹ ਇਨੇ ਵੱਡੇ ਸ਼ਹਿਰ ਦੀ ਦੇਖਰੇਖ ਕਿਵੇਂ ਕਰਦਾ ਹੋਵੇਗਾ, ਇਹ ਵੀ ਸੋਚਣ ਦਾ ਵਿਸ਼ਾ ਹੈ।
ਇਸ ਮੌਕੇ ਅਵਤਾਰ ਸਿੰਘ ਨਗਲਾ ਚੇਅਰਮੈਨ ਸੀਐਲਪੀ, ਸੁਰਿੰਦਰ ਸਿੰਘ ਖੁੱਡਾ ਅਲੀ ਸ਼ੇਰ, ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਬਾਬੂ ਵੇਦ ਪ੍ਰਕਾਸ਼, ਹਰਮੀਤ ਸਿੰਘ ਮਲੋਆ, ਰਣਜੀਤ ਕੌਰ, ਸਰਬਜੀਤ ਸਿੰਘ, ਬੰਟੀ ਕੁਮਾਰ, ਰਾਜੇਸ਼ ਕੁਮਾਰ, ਵਿਨੀਤਾ ਦੇਵੀ, ਅਨੀਤਾ ਦੇਵੀ, ਨੇਹਾ, ਕੈਲਾਸ਼, ਸੁਨੈਨਾ, ਸ਼ਿਵਾਨੀ, ਸੋਨੀਆਂ, ਸੁੰਦਰਮ, ਆਯੂਸ਼, ਸੁਖਰਾਮ, ਰਾਜਵਤੀ, ਆਦਿ ਹਾਜ਼ਰ ਹੋਏ।












