ਲਖਨਊ, 22 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੇਵਾ ਕਮੇਟੀ ਦੇ ਸੱਤ ਮੈਂਬਰਾਂ ਦੀ ਇੱਕ ਟੀਮ ਨੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਦੋ ਮੁੱਖ ਮੰਗਾਂ ਵਾਲਾ ਮੰਗ ਪੱਤਰ ਪੇਸ਼ ਕੀਤਾ ਗਿਆ।
ਕਮੇਟੀ ਦੇ ਸਕੱਤਰ ਅਤੇ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਸਰਦਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2025 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ 350 ਸਾਲ ਹੋ ਜਾਣਗੇ। ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਇਹ ਇੱਛਾ ਜਤਾਈ ਗਈ ਕਿ ਆਗਰਾ ਜਾਂ ਸ਼ਾਹਜਹਾਂਪੁਰ ਦਾ ਨਾਂ ਬਦਲ ਕੇ “ਸ੍ਰੀ ਗੁਰੂ ਤੇਗ ਬਹਾਦਰ ਨਗਰ” ਰੱਖਿਆ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਆਗਰਾ ਵਿਖੇ ਗ੍ਰਿਫ਼ਤਾਰ ਕਰਕੇ ਨਜ਼ਰਬੰਦ ਕੀਤਾ ਗਿਆ ਸੀ, ਜਿੱਥੇ ਹੁਣ “ਗੁਰੂ ਕਾ ਤਾਲ” ਨਾਮਕ ਇਤਿਹਾਸਕ ਗੁਰਦੁਆਰਾ ਸਥਿਤ ਹੈ। ਇਸੇ ਤਰ੍ਹਾਂ, ਸ਼ਾਹਜਹਾਂਪੁਰ, ਜੋ ਕਿ ਤਿੰਨ ਜ਼ਿਲ੍ਹਿਆਂ ਦੀ ਸਰਹੱਦ ’ਤੇ ਸਥਿਤ ਹੈ, ਉਥੇ ਲਗਭਗ 15-16 ਲੱਖ ਸਿੱਖ ਵੱਸਦੇ ਹਨ। ਇਨ੍ਹਾਂ ਤੱਥਾਂ ਦੇ ਆਧਾਰ ’ਤੇ, ਇਲਾਕੇ ਦਾ ਨਾਂ ਬਦਲਣ ਦੀ ਮੰਗ ਕੀਤੀ ਗਈ।
ਦੂਜੀ ਮੰਗ ਦੇ ਤੌਰ ’ਤੇ, ਕਮੇਟੀ ਨੇ ਨੋਇਡਾ ਵਿਖੇ ਬਣ ਰਹੇ ਜੇਵਰ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ “ਸ੍ਰੀ ਗੁਰੂ ਤੇਗ ਬਹਾਦੁਰ ਮਹਾਰਾਜ ਇੰਟਰਨੈਸ਼ਨਲ ਹਵਾਈ ਅੱਡਾ” ਰੱਖਣ ਦੀ ਅਪੀਲ ਕੀਤੀ।
ਰਾਜਪਾਲ ਆਨੰਦੀਬੇਨ ਪਟੇਲ ਨੇ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੀ ਸੰਭਾਵਨਾ ’ਤੇ ਵਿਚਾਰ ਕਰਕੇ ਜਲਦੀ ਹੀ ਕੋਈ ਫੈਸਲਾ ਲੈਣ ਦਾ ਭਰੋਸਾ ਦਿਵਾਇਆ। ਕਮੇਟੀ ਵੱਲੋਂ ਉਨ੍ਹਾਂ ਨੂੰ ਗੁਰੂ ਜੀ ਦੀ ਤਸਵੀਰ ਅਤੇ ਸ਼ਾਲ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ।














