ਗੁਰਦਾਸਪੁਰ, 22 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ‘ਤੇ ਸਥਿਤ ਕਸਬਾ ਕਲਾਨੌਰ ਨੇੜੇ ਕਿਸਾਨਾਂ ਦੀ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ ਅਤੇ 400 ਏਕੜ ਤੋਂ ਵੱਧ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਦੌਰਾਨ ਖੇਤ ਵਿੱਚ ਰੱਖੀ ਪਰਾਲ਼ੀ ਨੂੰ ਵੀ ਅੱਗ ਲੱਗ ਗਈ ਅਤੇ ਸੜ ਕੇ ਸੁਆਹ ਹੋ ਗਈ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਕਿਸਾਨਾਂ ਨੇ ਸ਼ੱਕ ਜਤਾਇਆ ਹੈ ਕਿ ਇਹ ਨੁਕਸਾਨ ਨੇੜਲੇ ਸ਼ੈਲਰ ਨੂੰ ਬਿਜਲੀ ਸਪਲਾਈ ਕਰਨ ਵਾਲੀਆਂ ਤਾਰਾਂ ਵਿੱਚ ਸਪਾਰਕਿੰਗ ਕਾਰਨ ਹੋਇਆ ਹੈ।
ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਰੀਬ ਦੋ ਘੰਟੇ ਦੀ ਦੇਰੀ ਨਾਲ ਮੌਕੇ ’ਤੇ ਪੁੱਜੀਆਂ। ਹਾਲਾਂਕਿ ਡੇਰਾ ਬਾਬਾ ਨਾਨਕ, ਬਟਾਲਾ ਅਤੇ ਗੁਰਦਾਸਪੁਰ ਤੋਂ ਬੁਲਾਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਲਗਾਤਾਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਹਵਾਵਾਂ ਕਾਰਨ ਅੱਗ ਨੂੰ ਜਲਦੀ ਬੁਝਾਉਣਾ ਸੰਭਵ ਨਹੀਂ ਹੋ ਸਕਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਤਹਿਸੀਲਦਾਰ, ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਸਮੇਤ ਹੋਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਮੌਕੇ ’ਤੇ ਦੱਸਿਆ ਕਿ ਤਹਿਸੀਲਦਾਰ ਨੂੰ ਤੁਰੰਤ ਸਰਵੇ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।












