ਅੰਮ੍ਰਿਤਸਰ, 24 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਬੀਤੇ ਦਿਨੀ ਨਸ਼ਿਆਂ ਵਿਰੁੱਧ ਚਲਾਈ ਗਈ ਵੱਡੀ ਕਾਰਵਾਈ ਦੌਰਾਨ, ਨਾਰਕੋਟਿਕਸ ਕੰਟਰੋਲ ਬਿਊਰੋ (NCB) ਅਤੇ ਕਸਟਮ ਵਿਭਾਗ ਨੇ ਸਾਂਝੀ ਰੇਡ ਕਰਕੇ 6 ਕਿਲੋਗ੍ਰਾਮ ਤੋਂ ਵੱਧ ਗਾਂਜਾ ਅਤੇ 603 ਈ-ਸਿਗਰੇਟਾਂ ਸਮੇਤ ਦੋ ਯਾਤਰੀਆਂ ਨੂੰ ਕਾਬੂ ਕੀਤਾ। ਇਸ ਪੂਰੀ ਜ਼ਬਤੀ ਦੀ ਕੁੱਲ ਕੀਮਤ 6.48 ਲੱਖ ਰੁਪਏ ਦੱਸੀ ਜਾ ਰਹੀ ਹੈ।
ਐਨਸੀਬੀ ਵੱਲੋਂ ਬੀਤੇ ਦਿਨੀ ਪਹਿਲੀ ਰੇਡ ਥਾਈ ਏਅਰਲਾਈਨਜ਼ ਦੀ ਉਡਾਣ ’ਤੇ ਆਏ ਬੈਂਕਾਕ ਨਿਵਾਸੀ ਯਾਤਰੀ ’ਤੇ ਕੀਤੀ ਗਈ। ਜਾਂਚ ਦੌਰਾਨ, ਯਾਤਰੀ ਦੇ ਸਾਮਾਨ ’ਚੋਂ ਗਾਂਜਾ ਬਰਾਮਦ ਹੋਇਆ।
ਦੂਜੇ ਕੇਸ ਵਿੱਚ, ਕਸਟਮ ਵਿਭਾਗ ਨੇ ਇਨਪੁੱਟ ਮਿਲਣ ’ਤੇ ਮਲੇਸ਼ੀਆ ਏਅਰਲਾਈਨਜ਼ ਰਾਹੀਂ ਕੁਆਲਾਲੰਪੁਰ ਤੋਂ ਆਏ ਇਕ ਹੋਰ ਯਾਤਰੀ ਨੂੰ ਰੋਕਿਆ। ਜਾਂਚ ’ਚੋਂ 603 ਈ-ਸਿਗਰੇਟਾਂ ਮਿਲੀਆਂ, ਜੋ ਕਿ ਹਵਾਈ ਅੱਡੇ ’ਤੇ ਲਿਆਉਣ ਉੱਤੇ ਪਾਬੰਦੀ ਵਾਲੀਆਂ ਵਸਤੂਆਂ ’ਚ ਗਿਣੀਆਂ ਜਾਂਦੀਆਂ ਹਨ।












