ਚੰਡੀਗੜ੍ਹ, 24 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਲੋਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੇ ਪੁਲਿਸ ਮੁਲਾਜ਼ਮਾਂ ਵੱਲੋਂ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖਾਕੀ ਵਰਦੀ ਵਿੱਚ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਅਤੇ ਇੱਕ ਹੋਰ ਕਰਮਚਾਰੀ ਦੇ ਟ੍ਰੈਫਿਕ ਨਿਯਮ ਤੋੜਦੇ ਹੋਏ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਜਦੋਂ ਇਹ ਵੀਡੀਓ ਟ੍ਰੈਫਿਕ ਪੁਲਸ ਅਧਿਕਾਰੀਆਂ ਤੱਕ ਪਹੁੰਚੀ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦੇ ਹੋਏ ਹੈਲਮੇਟ ਨਾ ਪਾਉਣ ‘ਤੇ ਟਰੈਫਿਕ ਪੁਲਸ ਮੁਲਾਜ਼ਮ ਦਾ ਆਨਲਾਈਨ ਚਲਾਨ ਕੱਟ ਦਿੱਤਾ। ਟ੍ਰੈਫਿਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਕ ਵੀਡੀਓ ਮਿਲੀ ਸੀ, ਜਿਸ ‘ਚ ਟ੍ਰੈਫਿਕ ਪੁਲਸ ਦੀ ਵਰਦੀ ‘ਚ ਇਕ ਕਰਮਚਾਰੀ ਬਿਨਾਂ ਹੈਲਮੇਟ ਤੋਂ ਸਰਕਾਰੀ ਬਾਈਕ (ਨੰਬਰ CH01GA3136) ਚਲਾ ਰਿਹਾ ਸੀ। ਬਾਈਕ ‘ਤੇ ਚੰਡੀਗੜ੍ਹ ਪੁਲਸ ਦਾ ਸਟਿੱਕਰ ਵੀ ਚਿਪਕਾਇਆ ਹੋਇਆ ਸੀ। ਇਹ ਵੀਡੀਓ ਦੱਖਣ ਮਾਰਗ ਦਾ ਸੀ, ਜਿਸ ਤੋਂ ਬਾਅਦ ਕਰਮਚਾਰੀ ਦਾ ਚਲਾਨ ਕੀਤਾ ਗਿਆ।












