ਅੰਮ੍ਰਿਤਸਰ, 26 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਦੇ ਕੋਟ ਮਿੱਤ ਸਿੰਘ ਇਲਾਕੇ ’ਚੋਂ ਲਾਪਤਾ ਹੋਈ 32 ਸਾਲਾ ਅਮਨਦੀਪ ਕੌਰ ਦੀ ਲਾਸ਼ ਅੱਜ ਪਿੰਡ ਸੁਲਤਾਨਵਿੰਡ ਦੀ ਅੱਪਰ ਨਹਿਰ ’ਚੋਂ ਬਰਾਮਦ ਹੋਈ। ਮ੍ਰਿਤਕ ਦੇ ਪਤੀ ਭੁਪਿੰਦਰ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਦੀ ਪਤਨੀ ਕੁਝ ਸਮੇਂ ਤੋਂ ਮਾਨਸਿਕ ਤਣਾਅ ਦਾ ਸ਼ਿਕਾਰ ਸੀ ਅਤੇ ਬੀਤੇ ਕੱਲ੍ਹ ਬਿਨਾਂ ਕਿਸੇ ਨੂੰ ਦੱਸੇ ਘਰੋਂ ਨਿਕਲ ਗਈ ਸੀ।
ਜਦੋਂ ਅੱਜ ਸਵੇਰੇ ਪਿੰਡ ਵਾਸੀਆਂ ਨੇ ਨਹਿਰ ਵਿੱਚ ਇਕ ਔਰਤ ਦੀ ਲਾਸ਼ ਵੇਖੀ, ਤਾਂ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਥਾਣਾ ਸੁਲਤਾਨਵਿੰਡ ਦੇ ਏ.ਐਸ.ਆਈ. ਭਰਥਰਾਜ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲਿਸ ਅਧਿਕਾਰੀ ਭਰਥਰਾਜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕੀਤੀ ਜਾਵੇਗੀ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਮੌਤ ਦੇ ਅਸਲ ਕਾਰਨ ਦੀ ਪੁਸ਼ਟੀ ਹੋ ਸਕੇਗੀ।












