ਚੰਡੀਗੜ੍ਹ, 30 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਅਮਰੀਕਾ ਜਾ ਰਹੇ ਸੁੱਚਾ ਸਿੰਘ ਛੋਟੇਪੁਰ, ਨੂੰ ਦਿੱਲੀ ਏਅਰਪੋਰਟ ’ਤੇ ਇਮੀਗ੍ਰੇਸ਼ਨ ਵਿਭਾਗ ਨੇ ਯਾਤਰਾ ਕਰਨ ਤੋਂ ਰੋਕ ਦਿੱਤਾ।
ਇਸ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਛੋਟੇਪੁਰ ਨੇ ਕਿਹਾ ਕਿ ਇਹ ਘਟਨਾ ਪੂਰੀ ਤਰ੍ਹਾਂ ਇਕ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਜਿਵੇਂ ਜਥੇਦਾਰ ਰਘਬੀਰ ਸਿੰਘ ਨੂੰ ਏਅਰਪੋਰਟ ’ਤੇ ਰੋਕਿਆ ਗਿਆ ਸੀ, ਉਸੇ ਤਰ੍ਹਾਂ ਹੁਣ ਉਨ੍ਹਾਂ ਨੂੰ ਵੀ ਇਮੀਗ੍ਰੇਸ਼ਨ ਨੇ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ।
ਛੋਟੇਪੁਰ ਨੇ ਦੱਸਿਆ ਕਿ ਇਮੀਗ੍ਰੇਸ਼ਨ ਨੇ ਉਨ੍ਹਾਂ ਦੇ ਅਮਰੀਕਾ ਨਾ ਜਾਣ ਦੇ ਤਿੰਨ ਕਾਰਨ ਦਿੱਤੇ – ਉਨ੍ਹਾਂ ਖ਼ਿਲਾਫ਼ ਕੇਸ ਹੋਣਾ, ਪਾਸਪੋਰਟ ਦੀ ਚੋਰੀ, ਅਤੇ ਪਾਸਪੋਰਟ ਕਿਸੇ ਹੋਰ ਵਿਅਕਤੀ ਨੂੰ ਦੇਣਾ। ਪਰ ਉਨ੍ਹਾਂ ਇਸ ਗੱਲ ਦਾ ਖੰਡਨ ਕਰਦੇ ਹੋਏ ਕਿਹਾ ਕਿ ਨਾਂ ਤਾਂ ਉਨ੍ਹਾਂ ਉਤੇ ਕੋਈ ਕੇਸ ਹੈ, ਨਾਂ ਉਨ੍ਹਾਂ ਦਾ ਪਾਸਪੋਰਟ ਚੋਰੀ ਹੋਇਆ ਹੈ, ਅਤੇ ਨਾਂ ਹੀ ਕਿਸੇ ਹੋਰ ਨੂੰ ਦਿੱਤਾ ਗਿਆ ਹੈ।
ਛੋਟੇਪੁਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ 2029 ਤੱਕ ਦਾ ਅਮਰੀਕੀ ਵੀਜ਼ਾ ਮੌਜੂਦ ਹੈ। ਉਨ੍ਹਾਂ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਇਸਨੂੰ ਤੰਗ ਕਰਨ ਵਾਲਾ ਤਰੀਕਾ ਕਰਾਰ ਦਿੱਤਾ।












