ਅੰਮ੍ਰਿਤਸਰ, 2 ਮਈ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਦੇ ਰਾਮਤੀਰਥ ਤੋਂ ਖਾਸਾ ਰੋਡ ’ਤੇ ਪਿੰਡ ਬੋਪਾਰਾਏ ਨੇੜੇ ਬਣ ਰਹੇ ਨਵੇਂ ਪੁਲ ਹੇਠਾਂ ਪੁਲਿਸ ਨੇ ਛਾਪਾਮਾਰੀ ਕਰਕੇ 6 ਵਿਅਕਤੀ ਕਾਬੂ ਕੀਤੇ। ਸਤਿੰਦਰ ਸਿੰਘ ਆਈ.ਪੀ.ਐੱਸ. (ਡੀ.ਆਈ.ਜੀ. ਬਾਰਡਰ ਰੇਂਜ) ਅਤੇ ਮਨਿੰਦਰ ਸਿੰਘ ਆਈ.ਪੀ.ਐੱਸ. (ਸੀਨੀਅਰ ਕਪਤਾਨ, ਅੰਮ੍ਰਿਤਸਰ ਦਿਹਾਤੀ) ਦੀ ਅਗਵਾਈ ਹੇਠ ਅਦਿੱਤਿਆ ਵਾਰੀਅਰ ਅਤੇ ਡੀ.ਐੱਸ.ਪੀ. ਮਨਿੰਦਰਪਾਲ ਸਿੰਘ ਦੀ ਅਗਵਾਈ ’ਚ ਇਹ ਕਾਰਵਾਈ ਕੀਤੀ ਗਈ।
ਪੁਲਿਸ ਨੇ ਮੁਖਬਰ ਦੀ ਸੂਚਨਾ ’ਤੇ ਛਾਪਾ ਮਾਰ ਕੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹਨਾਂ ਕੋਲੋਂ 2 ਨਾਜਾਇਜ਼ ਪਿਸਤੌਲ, 21 ਗੋਲੀਆਂ, 2 ਲੱਖ ਰੁਪਏ ਦੀ ਜਾਅਲੀ ਕਰੰਸੀ, 2 ਮੋਟਰਸਾਈਕਲਾਂ ਅਤੇ 5 ਮੋਬਾਈਲ ਫੋਨ ਬਰਾਮਦ ਹੋਏ ਹਨ। ਗ੍ਰਿਫ਼ਤਾਰ ਹੋਏ ਮੁਲਜ਼ਮਾਂ ਦੀ ਪਛਾਣ ਅਸ਼ੀਸ਼ ਕੁਮਾਰ (ਤਰਨਤਾਰਨ), ਵਿਸ਼ਾਲ (ਇਸਲਾਮਾਬਾਦ), ਕਰਨਦੀਪ ਸਿੰਘ, ਕਸ਼ਮੀਰ ਸਿੰਘ (ਦੋਵੇਂ ਤਰਨਤਾਰਨ), ਅਰਸ਼ਦੀਪ ਸਿੰਘ (ਲਾਹੌਰੀ ਮੱਲ), ਅਤੇ ਜਸ਼ਨਦੀਪ ਸਿੰਘ (ਤਰਨਤਾਰਨ) ਵਜੋਂ ਹੋਈ ਹੈ।
ਥਾਣਾ ਲੋਪੋਕੇ ਵਿੱਚ ਇਨ੍ਹਾਂ ਵਿਰੁੱਧ ਸੰਬੰਧਤ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਵੱਡੀ ਅਪਰਾਧਿਕ ਯੋਜਨਾ ਬਣਾਈ ਜਾ ਰਹੀ ਸੀ, ਜਿਸ ਤੋਂ ਪਹਿਲਾਂ ਹੀ ਇਹਨਾਂ ਨੂੰ ਫੜ ਲਿਆ ਗਿਆ।












