ਤਰਨਤਾਰਨ, 3 ਮਈ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਤਰਨਤਾਰਨ ਦੇ ਪੱਟੀ ਅਧੀਨ ਆਉਂਦੇ ਪਿੰਡ ਦੁੱਬਲੀ ’ਚ ਅੱਜ ਸਵੇਰੇ ਇੱਕ ਦਹਿਸ਼ਤ ਭਰੀ ਘਟਨਾ ਸਾਹਮਣੇ ਆਈ, ਜਿੱਥੇ ਘਰ ਦੇ ਬਾਹਰ ਚੱਲ ਰਹੀ ਪੈਸਟੀਸਾਈਡ ਸਟੋਰ ’ਚ ਬੈਠੇ ਵਿਅਕਤੀ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਮ੍ਰਿਤਕ ਦੀ ਪਛਾਣ ਜਸਵੰਤ ਸਿੰਘ ਉਰਫ ਬਿੱਟੂ ਪੁੱਤਰ ਅਜੀਤ ਸਿੰਘ ਵਾਸੀ ਦੁੱਬਲੀ ਵਜੋਂ ਹੋਈ ਹੈ, ਜੋ ਕਿ ਭਾਰਤੀ ਫੌਜ ਤੋਂ ਸੇਵਾ ਮੁਕਤ ਹੋਣ ਉਪਰੰਤ ਆੜਤ ਅਤੇ ਪੈਸਟੀਸਾਈਡ ਦਾ ਕੰਮ ਕਰਦਾ ਸੀ। ਸਵੇਰੇ ਕਰੀਬ 7 ਵਜੇ, ਜਦ ਉਹ ਆਪਣੀ ਦੁਕਾਨ ’ਚ ਬੈਠਿਆ ਸੀ, ਤਦ ਇੱਕ ਪਲਸਰ ਮੋਟਰਸਾਈਕਲ ’ਤੇ ਆਏ ਹਮਲਾਵਰ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਤਿੰਨ ਗੋਲੀਆਂ ਉਸ ਦੀ ਛਾਤੀ ’ਚ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਅਨੁਸਾਰ, ਜਸਵੰਤ ਸਿੰਘ ਨੂੰ ਲੰਮੇ ਸਮੇਂ ਤੋਂ ਗੈਂਗਸਟਰਾਂ ਵੱਲੋਂ ਫਿਰੌਤੀ ਲਈ ਧਮਕੀ ਭਰੇ ਫੋਨ ਆ ਰਹੇ ਸਨ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਪੱਟੀ ਦੀ ਪੁਲਿਸ ਮੌਕੇ ’ਤੇ ਪਹੁੰਚੀ। ਮੁੱਖ ਅਫਸਰ ਗੁਰਚਰਨ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।












