ਮਾਨਸਾ, 3 ਮਈ,ਬੋਲੇ ਪੰਜਾਬ ਬਿਊਰੋ :
ਮਾਨਸਾ ਸ਼ਹਿਰ ‘ਚ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।ਇਹ ਕਿਸਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨਾਲ ਸਬੰਧਤ ਸਨ।
ਇਹ ਕਾਰਵਾਈ ਥਾਣਾ ਕੋਟ ਧਰਮੂ ਵਿਚ ਅੰਜਾਮ ਦਿੱਤੀ ਗਈ ਜਿੱਥੇ 40 ਤੋਂ ਵੱਧ ਕਿਸਾਨਾਂ ਨੂੰ ਬੰਦ ਕਰ ਦਿੱਤਾ ਗਿਆ। ਇਹ ਸਾਰੇ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਹਰਪਾਲ ਚੀਮਾ ਨੂੰ ਸਵਾਲ ਪੁੱਛਣਾ ਚਾਹੁੰਦੇ ਸਨ।
ਕਿਸਾਨ ਆਗੂ ਰਾਮ ਸਿੰਘ ਨੇ ਦੱਸਿਆ ਕਿ, “ਸਾਨੂੰ ਵਿਰੋਧ ਦਾ ਹੱਕ ਨਹੀਂ ਮਿਲ ਰਿਹਾ। ਅਸੀਂ ਸਿਰਫ਼ ਸਰਕਾਰ ਵੱਲੋਂ ਕੀਤੇ ਵਾਅਦੇ ਯਾਦ ਦਿਵਾਉਣ ਆਏ ਸੀ।” ਉਨ੍ਹਾਂ ਦੋਸ਼ ਲਾਇਆ ਕਿ ਹੁਣ ਪੁਲਿਸ ਧੱਕੇਸ਼ਾਹੀ ’ਤੇ ਉਤਰ ਆਈ ਹੈ ਅਤੇ ਜਥੇਬੰਦੀ ਇਸਦਾ ਵਾਜਬ ਜਵਾਬ ਸਮਾਂ ਆਉਣ ‘ਤੇ ਦੇਵੇਗੀ।
ਦੱਸਣਯੋਗ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਡੀਡੀ ਫੋਰਟ ਮੈਰਿਜ ਪੈਲੇਸ ਵਿਚ ਨਸ਼ਿਆਂ ਵਿਰੁੱਧ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਨ।












