ਬਟਾਲਾ, 5 ਮਈ,ਬੋਲੇ ਪੰਜਾਬ ਬਿਊਰੋ :
ਬਟਾਲਾ ਨੇੜੇ ਪਿੰਡ ਧਾਰੀਵਾਲ ਥਿੰਦ ਦੀ ਨਹਿਰ ਕੰਢੇ ਸੋਮਵਾਰ ਦੀ ਸ਼ਾਮ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ, ਜਿੱਥੇ ਹੈਰੋਇਨ ਦੀ ਬਰਾਮਦਗੀ ਲਈ ਲਿਆਂਦੇ ਇਕ ਬਦਮਾਸ਼ ਨੇ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਤੁਰੰਤ ਜਵਾਬੀ ਕਾਰਵਾਈ ਕਰਦੇ ਹੋਏ ਉਕਤ ਨੌਜਵਾਨ ਨੂੰ ਗੋਲੀ ਮਾਰ ਕੇ ਕਾਬੂ ਕਰ ਲਿਆ।
ਜਾਣਕਾਰੀ ਮੁਤਾਬਕ, ਪੁਲਿਸ ਨੇ ਮੋਹਿਤ ਕੁਮਾਰ ਉਰਫ ਕਾਕਾ, ਵਾਸੀ ਗਾਂਧੀ ਕੈਂਪ, ਨੂੰ ਕੁਝ ਦਿਨ ਪਹਿਲਾਂ 4 ਹੋਰ ਮੁਲਜ਼ਮਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਮੋਹਿਤ ਨੇ ਕਬੂਲਿਆ ਕਿ ਉਸਨੇ ਥਿੰਦ ਨਹਿਰ ਕੰਢੇ ਹੈਰੋਇਨ ਲੁਕਾਈ ਹੋਈ ਹੈ। ਸੋਮਵਾਰ ਸ਼ਾਮ, ਜਦੋਂ ਪੁਲਿਸ ਉਸਨੂੰ ਬਰਾਮਦਗੀ ਲਈ ਉਥੇ ਲੈ ਗਈ, ਤਾਂ ਮੌਕੇ ਦੀ ਵਰਤੋਂ ਕਰਦਿਆਂ ਮੋਹਿਤ ਨੇ ਓਥੇ ਹੀ ਲੁਕਾਇਆ ਰਿਵਾਲਵਰ ਕੱਢ ਕੇ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ।
ਮੌਕੇ ’ਤੇ ਮੌਜੂਦ ਐੱਸਐੱਚਓ ਸੁਖਜਿੰਦਰ ਸਿੰਘ ਨੇ ਤੁਰੰਤ ਜਵਾਬੀ ਫਾਇਰ ਕੀਤਾ, ਜਿਸ ਦੌਰਾਨ ਇੱਕ ਗੋਲੀ ਮੋਹਿਤ ਦੀ ਸੱਜੀ ਲੱਤ ’ਚ ਲੱਗੀ। ਜ਼ਖ਼ਮੀ ਹਾਲਤ ਵਿੱਚ ਮੋਹਿਤ ਨੂੰ ਬਟਾਲਾ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦੇ ਅਨੁਸਾਰ, ਮੋਹਿਤ ਇਕ ਬਦਨਾਮ ਗੈਂਗ ਨਾਲ ਸੰਬੰਧਿਤ ਹੈ ਅਤੇ ਇਸ ਤੋਂ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਕੇਸਾਂ ਵਿਚ ਸ਼ਾਮਲ ਰਿਹਾ ਹੈ।
ਘਟਨਾ ਦੀ ਪੁਸ਼ਟੀ ਕਰਦਿਆਂ ਐਸ.ਪੀ. ਇਨਵੈਸਟੀਗੇਸ਼ਨ ਗੁਰਪ੍ਰਤਾਪ ਸਿੰਘ ਸਹੋਤਾ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ। ਘਟਨਾ ਸਥਾਨ ’ਤੇ ਡੀਐੱਸਪੀ ਸਿਟੀ ਸੰਜੀਵ ਕੁਮਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।












