ਸ੍ਰੀ ਮੁਕਤਸਰ ਸਾਹਿਬ, 11 ਮਈ,ਬੋਲੇ ਪੰਜਾਬ ਬਿਊਰੋ ;
ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅਪੂਰਨ ਹਾਲਾਤਾਂ ਨੂੰ ਦੇਖਦੇ ਹੋਏ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (SGPC) ਨੇ ਇਕ ਵੱਡਾ ਕਦਮ ਚੁੱਕਿਆ ਹੈ। SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਹਦਾਇਤਾਂ ’ਤੇ ਸ੍ਰੀ ਮੁਕਤਸਰ ਸਾਹਿਬ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਫ਼ਾਜ਼ਿਲਕਾ ਇਲਾਕੇ ਦੇ ਕਰੀਬ 75 ਪਿੰਡਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਨੂੰ ਪਾਲਕੀ ਸਾਹਿਬਾਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ।
ਸੂਤਰਾਂ ਮੁਤਾਬਕ, ਲਗਭਗ 90 ਪਵਿੱਤਰ ਸਰੂਪ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵਿਖੇ ਲਿਆਂਦੇ ਜਾ ਚੁੱਕੇ ਹਨ। ਮੈਨੇਜਰ ਬਲਦੇਵ ਸਿੰਘ ਤੇ ਡਿਪਟੀ ਮੈਨੇਜਰ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੀ ਟੀਮ ਹੋਰ ਗੁਰਦੁਆਰਿਆਂ ’ਚੋਂ ਵੀ ਪਵਿੱਤਰ ਗ੍ਰੰਥ ਸਾਹਿਬ ਇਕੱਠੇ ਕਰਨ ’ਚ ਜੁਟੀ ਹੋਈ ਹੈ। ਇਹਨਾਂ ਸਰੂਪਾਂ ਦੀ ਸੰਭਾਲ ਅਤੇ ਪ੍ਰਕਾਸ਼ ਦੀ ਯੋਗ ਵਿਵਸਥਾ ਗੁਰਦਵਾਰਾ ਸਾਹਿਬ, ਮੁਕਤਸਰ ਵਿਖੇ ਕੀਤੀ ਜਾ ਰਹੀ ਹੈ।
ਐਮਰਜੈਂਸੀ ਹਾਲਾਤਾਂ ’ਚ ਸੰਗਤ ਦੀ ਸੁਖ-ਸੁਵਿਧਾ ਲਈ ਵਿਸ਼ੇਸ਼ ਲੰਗਰ ਤੇ ਰਿਹਾਇਸ਼ ਦੇ ਪ੍ਰਬੰਧ ਵੀ SGPC ਵੱਲੋਂ ਕੀਤੇ ਗਏ ਹਨ।ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਇੰਦਰਜੀਤ ਸਿੰਘ ਤੇ ਜਗਜੀਤ ਸਿੰਘ ਵੀ ਹਾਜ਼ਰ ਰਹੇ।












