ਦੀਨਾਨਗਰ, 14 ਮਈ,ਬੋਲੇ ਪੰਜਾਬ ਬਿਊਰੋ :
ਦੀਨਾਨਗਰ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਬਾਈਪਾਸ ਬੈਰੀਅਰ ਨੇੜੇ ਇੱਕ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਾਨੋਨੰਗਲ ਵਜੋਂ ਹੋਈ ਹੈ।
ਪੁਲਿਸ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਪੁੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਪਿਤਾ ਜਗੀਰ ਸਿੰਘ ਕਿਸੇ ਨਿੱਜੀ ਕੰਮ ਲਈ ਆਪਣੇ ਮੋਟਰਸਾਈਕਲ ਬ੍ਰਾਂਡ ਪਲੈਟੀਨਾ ‘ਤੇ ਪਿੰਡ ਨਾਨੋਨੰਗਲ ਤੋਂ ਗੁਰਦਾਸਪੁਰ ਜਾ ਰਿਹਾ ਸੀ। ਜਦੋਂ ਉਹ ਗੁਰਦਾਸਪੁਰ ਜਾਣ ਲਈ ਬਰਿਆਰ ਬਾਈਪਾਸ ਤੋਂ ਸੜਕ ਪਾਰ ਕਰ ਰਿਹਾ ਸੀ, ਤਾਂ ਬਟਾਲੇ ਵਾਲੇ ਪਾਸੇ ਤੋਂ ਇੱਕ ਟਿੱਪਰ ਤੇਜ਼ ਰਫ਼ਤਾਰ ਨਾਲ ਆਇਆ ਅਤੇ ਲਾਪਰਵਾਹੀ ਨਾਲ ਉਸਦੇ ਪਿਤਾ ਨੂੰ ਬਿਨਾਂ ਹਾਰਨ ਵਜਾਏ ਟੱਕਰ ਮਾਰ ਦਿੱਤੀ।
ਇਸ ਦੌਰਾਨ ਜਗੀਰ ਸਿੰਘ ਸੜਕ ‘ਤੇ ਡਿੱਗ ਪਿਆ ਅਤੇ ਟਰੱਕ ਦਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਦੌਰਾਨ ਟਿੱਪਰ ਦਾ ਡਰਾਈਵਰ ਭੱਜ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਣਪਛਾਤੇ ਟਿੱਪਰ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












