ਜੇਕਰ ਹੋਇਆ ਕੋਈ ਜਾਨੀ ਜਾਂ ਮਾਲੀ ਨੁਕਸਾਨ ਤਾਂ ਬਿਜਲੀ ਬੋਰਡ ਦੇ ਸੰਬੰਧਤ ਐਸਡੀਓ ਅਤੇ ਜੇਈ ਹੋਣਗੇ ਜਿੰਮੇਵਾਰ: ਮਨਜੀਤ ਸਿੰਘ ਮੇਵਾ
ਮੋਹਾਲੀ,14 ਮਈ ,ਬੋਲੇ ਪੰਜਾਬ ਬਿਊਰੋ :
ਪਿੰਡ ਕੁੰਭੜਾ ਦੇ ਚੌਂਕ ਵਿੱਚ ਜਿੱਥੇ ਵੱਡੀਆਂ ਵੱਡੀਆਂ ਇਮਾਰਤਾਂ, ਦੁਕਾਨਾਂ ਹਨ ਤੇ ਹਮੇਸ਼ਾ ਭੀੜ ਲੱਗੀ ਰਹਿੰਦੀ ਹੈ। ਉੱਥੇ ਇੱਕ ਕੋਨੇ ਵਿੱਚ ਲੱਗਿਆ ਬਿਜਲੀ ਦਾ ਖੰਭਾ ਹੁਣ ਗਿਰਿਆ, ਹੁਣ ਗਿਰਿਆ ਕਰਦਾ ਪਿੰਡ ਵਾਸੀਆਂ ਤੇ ਪ੍ਰੈਸ ਨੂੰ ਦਿਖਾਈ ਦੇ ਰਿਹਾ ਹੈ। ਪਰ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਨਹੀਂ ਦਿਖ ਰਿਹਾ ਜਾਂ ਬਿਜਲੀ ਬੋਰਡ ਕਿਸੇ ਅਣਹੋਣੀ ਘਟਨਾ ਦੀ ਇੰਤਜ਼ਾਰ ਕਰ ਰਿਹਾ ਹੈ। ਅੱਜ ਇਹ ਵਿਚਾਰ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਪ੍ਰੈਸ ਸਾਹਮਣੇ ਕਹੇ। ਪ੍ਰਧਾਨ ਕੁੰਭੜਾ ਨੇ ਡਿੱਗਣ ਦੀ ਕਗਾਰ ‘ਚ ਖੜੇ ਖੰਭੇ ਨੂੰ ਦਿਖਾਉਂਦੇ ਹੋਏ ਕਿਹਾ ਕਿ ਬਿਜਲੀ ਬੋਰਡ ਅਧਿਕਾਰੀ ਇਸ ਬਾਰੇ ਆਪਣੀ ਕੋਈ ਜਿੰਮੇਵਾਰੀ ਨਹੀਂ ਸਮਝਦੇ। ਇਸ ਖੰਭੇ ਤੋਂ ਇਲਾਵਾ ਪਿੰਡ ਵਿੱਚ ਤਾਰਾਂ ਦੇ ਜਾਲ ਗਲੀਆਂ ਚ ਲਮਕਦੇ ਦਿਖਾਈ ਦੇ ਰਹੇ ਹਨ ਤੇ ਮੀਟਰਾਂ ਦੇ ਲੱਗੇ ਬੋਕਸ ਬਿਨਾਂ ਖਿੜਕੀਆਂ ਤੋਂ ਸ਼ਰੇਆਮ ਦਿਖ ਰਹੇ ਹਨ, ਕਦੀ ਕੋਈ ਅਨਹੋਣੀ ਘਟਨਾ ਵਾਪਰ ਸਕਦੀ ਹੈ। ਕੋਈ ਬੱਚਾ ਨੰਗੀਆਂ ਤਾਰਾਂ ਨੂੰ ਹੱਥ ਲਗਾ ਸਕਦਾ ਹੈ। ਉਹਨਾਂ ਕਿਹਾ ਕਿ ਬਿਜਲੀ ਬੋਰਡ ਦੇ ਗਜ-ਗਜ ਲੰਬੇ ਬਿਜਲੀ ਦੇ ਬਿਲ ਭੇਜ ਰਿਹਾ ਹੈ, ਪਰ ਮੈਂਟੀਨੈਂਸ ਵੱਲ ਕੋਈ ਧਿਆਨ ਨਹੀਂ ਹੈ। ਜੇਕਰ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਬਿਜਲੀ ਬੋਰਡ ਸਬੰਧਤ ਐਸ.ਡੀ.ਓ. ਅਤੇ ਜੇ.ਈ. ਇਸ ਦੇ ਜਿੰਮੇਵਾਰ ਹੋਣਗੇ।
ਇਸ ਮੌਕੇ ਮਨਜੀਤ ਸਿੰਘ ਮੇਵਾ, ਬਲਜਿੰਦਰ ਸਿੰਘ, ਗੁਰਨਾਮ ਸਿੰਘ, ਗੁਰਜੀਤ ਸਿੰਘ, ਗੁਰਧਿਆਨ ਸਿੰਘ, ਮੋਹਣ ਲਾਲ, ਅਮਰਜੀਤ ਸਿੰਘ ਵਰਮਾ, ਸੋਨੂ ਹਰਦੇਵ ਜਵੈਲਰਜ, ਲਖਵੀਰ ਸਿੰਘ, ਸਿਮਰਪ੍ਰੀਤ ਸਿੰਘ, ਮਨਦੀਪ ਸਿੰਘ, ਟੋਨੀ ਕੁੰਭੜਾ ਆਦਿ ਹਾਜ਼ਰ ਹੋਏ।












