ਲੁਧਿਆਣਾ, 15 ਮਈ,ਬੋਲੇ ਪੰਜਾਬ ਬਿਊਰੋ ;
ਜ਼ਿਲ੍ਹਾ ਦਿਹਾਤੀ ਪੁਲਿਸ ਨੇ ਐਸਐਸਪੀ ਡਾ. ਅੰਕੁਰ ਗੁਪਤਾ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅੰਦਰ ਇੱਕ ਹੋਰ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਤਿੰਨ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਤਿੰਨ ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਐਸਐਸਪੀ ਡਾ. ਅੰਕੁਰ ਗੁਪਤਾ, ਐਸਪੀ (ਡੀ) ਹਰਕਮਲ ਕੌਰ ਅਤੇ ਡੀਐਸਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ ’ਤੇ ਸੂਏ ਉੱਪਰ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇਕ ਨੌਜਵਾਨ ਬਿਕਰਮਜੀਤ ਸਿੰਘ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ। ਉਸ ਨੇ ਦੱਸਿਆ ਕਿ ਉਹ ਫ਼ੌਜ ’ਚ ਨੌਕਰੀ ਕਰਦਾ ਹੈ ਅਤੇ ਛੁੱਟੀ ‘ਤੇ ਪਿੰਡ ਭਨੋਹੜ ਆਇਆ ਹੋਇਆ ਹੈ। ਪਰ ਜਦੋਂ ਪੁਲਿਸ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਦੀ ਪੈਂਟ ਦੀ ਜੇਬ ’ਚੋਂ 255 ਗ੍ਰਾਮ ਹੈਰੋਇਨ ਮਿਲੀ।
ਇਸੇ ਕੜੀ ’ਚ ਮਨਜੀਤ ਸਿੰਘ ਨਾਂ ਦੇ ਹੋਰ ਵਿਅਕਤੀ ਨੂੰ ਵੀ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਦੂਜੇ ਪਾਸੇ, ਸੀਆਈਏ ਸਟਾਫ਼ ਦੇ ਇੰਚਾਰਜ ਸੁਖਦੇਵ ਸਿੰਘ ਨੇ ਕਾਰਵਾਈ ਕਰਦਿਆਂ ਮੁਹੱਲਾ ਕਰਨੈਲ ਗੇਟ ਵਿਖੇ ਇੱਕ ਕਰਿਆਨੇ ਦੀ ਦੁਕਾਨ ਚਲਾਉਂਦੇ ਸ਼ਿਵ ਕੁਮਾਰ ਨੂੰ 4 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਕ ਤਿੰਨੇ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ।












