ਵੈਨਕੂਵਰ, 15 ਮਈ,ਬੋਲੇ ਪੰਜਾਬ ਬਿਊਰੋ :
ਮੈਨੀਟੋਬਾ ਸੂਬੇ ਦੇ ਸੰਘਣੇ ਜੰਗਲਾਂ ਵਿੱਚ ਤਿੰਨ ਦਿਨਾਂ ਤੋਂ ਲੱਗੀ ਅੱਗ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਰਾਹਤ ਕਾਰਜਾਂ ਦੌਰਾਨ ਇਕ ਘਰ ਦੇ ਮਲਬੇ ਵਿਚੋਂ ਇਕ ਮਰਦ ਤੇ ਇਕ ਔਰਤ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ।
ਪੁਲੀਸ ਸੁਪਰਡੈਂਟ ਕਰਿਸ ਹੇਸਟੀ ਨੇ ਇਸ ਹਾਦਸੇ ’ਤੇ ਅਫ਼ਸੋਸ ਜਤਾਉਂਦਿਆਂ ਦੱਸਿਆ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬਚਾਅ ਦਲ ਬੀਤੇ ਦਿਨ ਸ਼ਾਮ ਤੱਕ ਘਰ ਤੱਕ ਨਹੀਂ ਪਹੁੰਚ ਸਕਿਆ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕਰਨ ਵਿੱਚ ਕੁਝ ਸਮਾਂ ਲੱਗੇਗਾ ਕਿਉਂਕਿ ਲਾਸ਼ਾਂ ਬਹੁਤ ਜ਼ਿਆਦਾ ਸੜ ਚੁੱਕੀਆਂ ਹਨ।
ਇਸ ਹਾਦਸੇ ਨੇ ਇਲਾਕੇ ਦੇ ਵਸਨੀਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਗਰਮੀ ਦੀ ਸ਼ੁਰੂਆਤ ਵਿਚ ਹੀ ਜਦੋਂ ਹਵਾਵਾਂ ਚੱਲ ਰਹੀਆਂ ਹਨ, ਅੱਗ ਵਧਣ ਦੇ ਚਾਂਸ ਹੋਰ ਵੀ ਜ਼ਿਆਦਾ ਹਨ। ਇਲਾਕਾ ਵਾਸੀਆਂ ਨੇ ਸਰਕਾਰ ’ਤੇ ਇਲਜ਼ਾਮ ਲਾਇਆ ਕਿ ਅੱਗ ਦੀ ਰੋਕਥਾਮ ਲਈ ਕੋਈ ਪੁਖਤਾ ਕਦਮ ਨਹੀਂ ਚੁੱਕੇ ਜਾ ਰਹੇ।















