ਘਨੌਰ, 15 ਮਈ ,ਬੋਲੇ ਪੰਜਾਬ ਬਿਊਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਜ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ‘ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਦੇ ਵਿਦਿਆਰਥੀਆਂ ਨੇ ਕਾਮਯਾਬੀ ਦੇ ਨਵੇਂ ਮਿਆਰ ਸਥਾਪਿਤ ਕੀਤੇ ਹਨ। ਸਾਇੰਸ ਤੇ ਆਰਟਸ ਦੋਹਾਂ ਗਰੁੱਪਾਂ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਨੂੰ ਅਧਿਆਪਕਾਂ ਦੀ ਅਗਵਾਈ ਨਾਲ ਸਫਲਤਾ ‘ਚ ਬਦਲ ਦਿੱਤਾ।
ਸਾਇੰਸ ਗਰੁੱਪ ਤੋਂ 47 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ ਸਾਰੇ ਵਿਦਿਆਰਥੀ ਉੱਤਮ ਅੰਕਾਂ ਨਾਲ ਪਾਸ ਹੋਏ। ਇਸ ਗਰੁੱਪ ਵਿਚ ਰੁਪਿੰਦਰ ਕੌਰ ਨੇ 500 ‘ਚੋਂ 441 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੁਪਨਪ੍ਰੀਤ ਕੌਰ ਨੇ 439 ਅੰਕ ਲੈ ਕੇ ਦੂਜਾ ਅਤੇ ਰਮਨਜੀਤ ਕੌਰ ਨੇ 428 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਗਰੁੱਪ ਦੇ 18 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦੀ ਸ਼ਾਨ ਵਧਾਈ।
ਆਰਟਸ ਗਰੁੱਪ ਵਿਚ ਤਾਨੀਆ ਨੇ 500 ‘ਚੋਂ 455 ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ। ਗੁਰਸੇਵਕ ਸਿੰਘ ਨੇ 451 ਅੰਕ ਲੈ ਕੇ ਦੂਜਾ ਅਤੇ ਸਰਬਜੀਤ ਕੌਰ ਨੇ 442 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਦੋਹਾਂ ਗਰੁੱਪਾਂ ਵਿਚ ਨਤੀਜਿਆਂ ਨੇ ਸਰਕਾਰੀ ਸਕੂਲਾਂ ਦੀ ਉਚਿਤ ਪੜ੍ਹਾਈ ਅਤੇ ਵਿਦਿਆਰਥੀਆਂ ਦੀ ਦ੍ਰਿੜ਼ਤਾ ਨੂੰ ਦਰਸਾਇਆ।
ਸਕੂਲ ਦੇ ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਨ੍ਹਾਂ ਸ਼ਾਨਦਾਰ ਨਤੀਜਿਆਂ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਤੀਜੇ ਸਾਬਤ ਕਰਦੇ ਹਨ ਕਿ ਸਰਕਾਰੀ ਸਕੂਲ ਵੀ ਪ੍ਰਾਈਵੇਟ ਸੰਸਥਾਵਾਂ ਦੀ ਤੁਲਨਾ ‘ਚ ਕਿਤੇ ਵੀ ਪਿੱਛੇ ਨਹੀਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਹੋਰ ਉੱਚ ਵਿਦਿਅਕ ਸਿੱਖਿਆ ਹਾਸਲ ਕਰਨ ਦੀ ਪ੍ਰੇਰਨਾ ਵੀ ਦਿੱਤੀ।
ਇਸ ਮੌਕੇ ਸਕੂਲ ਦੇ ਅਧਿਆਪਕਾਂ ਗੁਰਸ਼ਰਨ ਕੌਰ, ਦੌਲਤ ਰਾਮ, ਕਰਮਜੀਤ ਕੌਰ, ਪਰਦੀਪ ਕੌਰ ਅਤੇ ਹਰਜੀਤ ਕੌਰ ਵੀ ਹਾਜ਼ਰ ਸਨ, ਜਿਨ੍ਹਾਂ ਨੇ ਆਪਣੇ ਵਿਦਿਆਰਥੀਆਂ ਦੀ ਕਾਮਯਾਬੀ ‘ਤੇ ਮਾਣ ਮਹਿਸੂਸ ਕੀਤਾ।












