ਮਲੌਦ (ਖੰਨਾ), 16 ਮਈ,ਬੋਲੇ ਪੰਜਾਬ ਬਿਊਰੋ:
ਜਿਲ੍ਹਾ ਖੰਨਾ ਦੇ ਮਲੌਦ ਥਾਣਾ ਖੇਤਰ ਦੇ ਪਿੰਡ ਸੋਹੀਆਂ ’ਚ ਨਾਜਾਇਜ਼ ਸਬੰਧਾਂ ਕਾਰਨ 40 ਸਾਲਾ ਬਹਾਦਰ ਸਿੰਘ ਭੋਲਾ ਨੂੰ ਆਪਣੀ ਜ਼ਿੰਦਗੀ ਗਵਾਉਣੀ ਪਈ। ਭੋਲਾ ਦੀ ਘਰਵਾਲੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਸੁਖਪ੍ਰੀਤ ਸਿੰਘ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ।
ਦਰਿੰਦਗੀ ਦੀਆਂ ਹੱਦਾਂ ਪਾਰ ਕਰਦਿਆਂ, ਰਾਤ ਦੇ ਸੰਨਾਟੇ ਵਿੱਚ ਭੋਲਾ ਦੇ ਸੌਣ ਵੇਲੇ ਸੁਖਪ੍ਰੀਤ ਨੇ ਲੋਹੇ ਦੀ ਰਾਡ ਨਾਲ ਉਸ ਦੇ ਸਿਰ ’ਤੇ ਘਾਤਕ ਵਾਰ ਕੀਤਾ। ਘਟਨਾ ਨੂੰ ਆਪਣੇ ਅੱਖਾਂ ਸਾਹਮਣੇ ਦੇਖਣ ਵਾਲੇ ਭੋਲਾ ਦੇ ਨੌਕਰ ਇੰਦਰਜੀਤ ਸਿੰਘ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੇ ਚੀਕਾਂ ਸੁਣੀਆਂ, ਉਸ ਨੇ ਕੰਧ ਟੱਪ ਕੇ ਗੁਆਂਢੀਆਂ ਨੂੰ ਸੂਚਿਤ ਕੀਤਾ ਅਤੇ ਭੋਲਾ ਨੂੰ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮ ਗੰਭੀਰ ਹੋਣ ਕਾਰਨ ਲੁਧਿਆਣਾ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
ਡੀਐਸਪੀ ਹੇਮੰਤ ਮਲਹੋਤਰਾ ਅਨੁਸਾਰ, ਭੋਲਾ ਮਿੱਟੀ ਦਾ ਕੰਮ ਕਰਦਾ ਸੀ ਅਤੇ ਸੁਖਪ੍ਰੀਤ ਵੀ ਪਹਿਲਾਂ ਉਸਦੇ ਨਾਲ ਹੀ ਕੰਮ ਕਰਦਾ ਰਿਹਾ। ਕੰਮ ਦੌਰਾਨ ਉਹ ਭੋਲਾ ਦੇ ਘਰ ਆਉਣ-ਜਾਣ ਲੱਗ ਪਿਆ, ਜਿਸ ਦੌਰਾਨ ਉਸਦੇ ਜਸਵੀਰ ਨਾਲ ਨਜਾਇਜ਼ ਰਿਸ਼ਤੇ ਬਣ ਗਏ।
ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਕਤਲ ਮਾਮਲੇ ’ਚ ਦੋਸ਼ੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਦੋਸ਼ੀ ਜਲਦ ਕਾਨੂੰਨ ਦੀ ਗਿਰਫ਼ਤ ’ਚ ਹੋਣਗੇ।












