ਤਰਨਤਾਰਨ, 16 ਮਈ,ਬੋਲੇ ਪੰਜਾਬ ਬਿਊਰੋ ;
ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਤਰਨਤਾਰਨ ਪੁਲਿਸ ਨੇ ਸਰਹੱਦ ਪਾਰ ਤੋਂ ਭੇਜੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਹੈ। ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 85 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਅਮਰਜੋਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਕੁੱਲ 85 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇਸ ਸਾਲ ਇਹ ਪਹਿਲੀ ਵਾਰ ਹੈ ਜਦੋਂ ਪੁਲਿਸ ਨੇ ਹੈਰੋਇਨ (ਚਿੱਟਾ) ਦੀ ਇੰਨੀ ਵੱਡੀ ਖੇਪ ਜ਼ਬਤ ਕੀਤੀ ਹੈ। ਇਸ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਡੀਜੀਪੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪਹਿਲੇ ਦਿਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 5 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਇਸ ਤੋਂ ਬਾਅਦ, ਪੁਲਿਸ ਨੇ ਤਸਕਰ ਦੇ ਘਰੋਂ 40 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ, ਜਿਸ ਨੂੰ ਉਸਨੇ ਵਾਸ਼ਿੰਗ ਮਸ਼ੀਨ ਵਿੱਚ ਲੁਕਾਇਆ ਹੋਇਆ ਸੀ। ਇਸ ਤੋਂ ਇਲਾਵਾ ਮੁਲਜ਼ਮ ਦੇ ਪਿੰਡ ਤੋਂ 40 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।ਮੁਲਜ਼ਮ ਤਸਕਰ ਤੋਂ ਤਿੰਨ ਕਿਸ਼ਤਾਂ ਵਿੱਚ ਕੁੱਲ 85 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਡੀਜੀਪੀ ਨੇ ਕਿਹਾ ਕਿ ਤਸਕਰ ਅਮਰਜੋਤ ਸਿੰਘ ਨੂੰ ਤਰਨਤਾਰਨ ਪੁਲਿਸ ਦੇ ਐਸਐਸਪੀ ਅਭਿਮਨਿਊ ਰਾਣਾ ਦੀ ਅਗਵਾਈ ਹੇਠ ਇੱਕ ਖੁਫੀਆ ਕਾਰਵਾਈ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਦੇ ਯੂਕੇ ਸਥਿਤ ਲਾਲੀ ਅਤੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਸਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪੈਸਾ ਹਵਾਲਾ ਰਾਹੀਂ ਪਾਕਿਸਤਾਨੀ ਤਸਕਰਾਂ ਨੂੰ ਭੇਜਿਆ ਜਾਂਦਾ ਸੀ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।












