ਮੋਹਾਲੀ, 19 ਮਈ,ਬੋਲੇ ਪੰਜਾਬ ਬਿਊਰੋ ;
ਮੁਹਾਲੀ ਦੀ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ 2005 ਵਿੱਚ ਥਾਣਾ ਸਦਰ ਖਰੜ ਵਿੱਚ ਦਰਜ ਵਿਸਫੋਟਕ ਸਮੱਗਰੀ ਐਕਟ ਅਤੇ ਅਸਲਾ ਐਕਟ ਦੇ ਇਕ ਪੁਰਾਣੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਅੱਜ ਹੋਈ ਸੁਣਵਾਈ ਦੌਰਾਨ ਜਿਲ੍ਹਾ ਅਤੇ ਸੈਸ਼ਨ ਜੱਜ ਤੇਜ ਪ੍ਰਤਾਪ ਸਿੰਘ ਰੰਧਾਵਾ ਨੇ ਹਵਾਰਾ ਨੂੰ ਸਾਰੀਆਂ ਲਗੀਆਂ ਧਾਰਾਵਾਂ ਤੋਂ ਬਰੀ ਕਰ ਦਿੱਤਾ।
ਹਵਾਰਾ ਦੀ ਪੇਸ਼ੀ ਵੀਡਿਓ ਕਾਨਫਰੰਸ ਰਾਹੀਂ ਹੋਈ, ਜਿਸ ਦੌਰਾਨ ਅਦਾਲਤ ਨੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, 5 ਅਤੇ ਅਸਲਾ ਐਕਟ ਦੀ ਧਾਰਾ 25, 54, 59 ਹੇਠ ਦਰਜ ਮਾਮਲੇ ’ਚ ਉਨ੍ਹਾਂ ਨੂੰ ਕਸੂਰਵਾਰ ਨਾ ਮੰਨਦੇ ਹੋਏ ਬਰੀ ਕਰ ਦਿੱਤਾ।
ਉਨ੍ਹਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹ ਫੈਸਲਾ ਸੱਚਾਈ ਅਤੇ ਇਨਸਾਫ਼ ਦੀ ਜਿੱਤ ਹੈ। ਹਵਾਰਾ ਦੇ ਸਾਥੀ ਜਸਵੰਤ ਸਿੰਘ ਨੇ ਵੀ ਖੁਸ਼ੀ ਜਤਾਉਂਦੇ ਹੋਏ ਕਿਹਾ, “ਇਹ ਸੱਚ ਦੀ ਜਿੱਤ ਹੈ, ਸਾਨੂੰ ਇਨਸਾਫ਼ ਮਿਲਿਆ ਹੈ।”












