ਇਫਟੂ ਵਲੋਂ ਰੋਪੜ ਵਿੱਚ ਰੈਲੀ ਅਤੇ ਪ੍ਰਦਰਸ਼ਨ

Uncategorized

ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ


ਰੂਪਨਗਰ 20 ਮਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵਲੋਂ ਰੋਪੜ ਵਿਖੇ ਰੈਲੀ ਅਤੇ ਮੁਜਾਹਰਾ ਕੀਤਾ ਗਿਆ। ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਜੱਟਪਰਾ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਆਗੂ ਮਲਾਗਰ ਸਿੰਘ ਖਮਾਣੋਂ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਮੇਸ਼ ਕੁਮਾਰ,ਬੀ ਬੀ ਐਮ ਬੀ ਵਰਕਰਜ ਯੂਨੀਅਨ ਨੰਗਲ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ,
ਨੇ ਕਿਹਾ ਕਿ ਅੱਜ ਮਜਦੂਰ ਜਮਾਤ ਸਾਹਮਣੇ ਵੱਡੀਆਂ ਚਣੌਤੀਆਂ ਹਨ।ਇਹਨਾਂ ਚਣੌਤੀਆਂ ਨਾਲ ਸਿੱਝਣ ਲਈ ਖਾੜਕੂ ਜਥੇਬੰਦਕ ਮਜਦੂਰ ਲਹਿਰ ਖੜੀ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਚਾਰ ਕਿਰਤ ਕੋਡ ਮੋਦੀ ਸਰਕਾਰ ਦਾ ਮਜਦੂਰ ਵਰਗ ਉੱਤੇ ਘਾਤਕ ਹਮਲਾ ਹਨ।ਇਹ ਚਾਰ ਕਿਰਤ ਕੋਡ ‘ਉਦਯੋਗਿਕ ਰਿਸ਼ਤਿਆਂ ਸਬੰਧੀ ਕੋਡ-2020’ , ‘ਪੇਸ਼ੇਵਾਰਾਨਾ ਹਿਫ਼ਾਜ਼ਤ, ਤੰਦਰੁਸਤੀ ਅਤੇ ਕੰਮ ਵਾਲੇ ਸਥਾਨ ਦੀਆਂ ਹਾਲਤਾਂ ਸਬੰੰਧੀ ਕੋਡ-2020’ , ‘ਸਮਾਜਿਕ ਸੁਰੱਖਿਆ ਕੋਡ-2020, ਅਤੇ ‘ ਵੇਤਨ ਕੋਡ-2019’ ਹਨ।ਇਹ ਕਿਰਤ ਕੋਡ ਮਜਦੂਰਾਂ ਦੇ ਜਥੇਬੰਦ ਹੋਣ, ਸੰਘਰਸ਼ ਕਰਨ,ਹੜਤਾਲ ਕਰਨ ਵਰਗੇ ਕਿਰਤੀਆਂ ਦੇ ਬੁਨਿਆਦੀ ਅਧਿਕਾਰਾਂ ਉੱਤੇ ਡਾਕਾ ਹਨ।ਜਿਸਤੋਂ ਇਹ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਲਈ ਕਿਰਤੀ ਵਰਗ ਸਿਰਫ ਪੂੰਜੀਪਤੀਆਂ ਦੇ ਮੁਨਾਫ਼ੇ ਦੇ ਆਧਾਰ ਤੋਂ ਬਿਨਾਂ ਹੋਰ ਕੁਝ ਵੀ ਨਹੀਂ।ਆਗੂਆਂ ਨੇ ਕਿਹਾ ਕਿ ਮਜਦੂਰ ਵਰਗ ਦੇ ਕੰਮ ਸਥਾਨ ਬੇਹੱਦ ਅਸੁਰੱਖਿਅਤ ਹਨ ਜਿਸ ਕਾਰਨ ਆਏ ਦਿਨ ਹਾਦਸਿਆਂ ਵਿਚ ਮਜਦੂਰਾਂ ਦੀਆਂ ਮੌਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਇਸਦੇ ਦੋਸ਼ੀ ਮਾਲਕਾਂ ਵਿਰੁੱਧ ਸਰਕਾਰਾਂ ਕੋਈ ਠੋਸ ਕਦਮ ਨਹੀਂ ਚੁੱਕਦੀਆਂ।ਮਜਦੂਰਾਂ ਕੋਲੋਂ 18-18 ਘੰਟੇ ਕੰਮ ਲਿਆ ਜਾਂਦਾ ਹੈ।ਕੱਚੇ ਕਾਮਿਆਂ, ਸਕੀਮ ਵਰਕਰਾਂ ਲਈ ਜੌਬ ਦੀ ਕੋਈ ਗਾਰੰਟੀ ਨਹੀਂ।ਆਗੂਆਂ ਨੇ ਚਾਰ ਲੇਬਰ ਕੋਡ ਰੱਦ ਕਰਨ,ਮੌਜੂਦਾ ਮਜ਼ਦੂਰ ਕਾਨੂੰਨਾਂ ਨੂੰ ਲਾਗੂ ਕਰਨ,ਉਦਯੋਗਿਕ ਦੁਰਘਟਨਾਵਾਂ ਨੂੰ ਰੋਕਣ ਲਈ ਪੁਖਤਾ ਸੁਰੱਖਿਆ ਉਪਾਅ ਕਰਨ, ਫੈਕਟਰੀ ਇੰਸਪੈਕਟਰਾਂ ਉੱਤੇ ਸੁਰੱਖਿਆ ਉਲੰਘਣ ਰੋਕਣ ‘ਚ ਲਾਪ੍ਰਵਾਹੀ ਵਰਤਣ ਲਈ ਕਾਰਵਾਈ ਕਰਨ,ਪੀ.ਐੱਸ.ਯੂ.ਜ਼ ਦੀ ਨਿੱਜੀਕਰਨ, ਵਿਕਰੀ, ਮੋਨਿਟਾਈਜ਼ੇਸ਼ਨ ਨੂੰ ਬੰਦ ਕਰਨ,ਲੇਬਰ ਵਿਭਾਗਾਂ ਨੂੰ ਮਜ਼ਬੂਤ ਕਰਨ ਅਤੇ ਲੋੜੀਂਦਾ ਸਟਾਫ਼ ਮੁਹੱਈਆ ਕਰਵਾਉਣ, ਲੇਬਰ ਕੋਰਟਾਂ ਅਤੇ ਟ੍ਰਿਬਿਊਨਲ ਨੂੰ ਸਹੀ ਤੌਰ ‘ਤੇ ਚਲਾਉਣ,
ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਨਵੀਂ ਪੈਨਸ਼ਨ ਸਕੀਮ ਰੱਦ ਕਰਨ,ਆਸ਼ਾ, ਮਿਡ ਡੇ ਮੀਲ, ਆਂਗਣਵਾੜੀ ਅਤੇ ਹੋਰ ਕੇਂਦਰੀ ਸਕੀਮਾਂ ਹੇਠ ਮਜ਼ਦੂਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਅਤੇ ਹੱਕ ਦੇਣ, ਦੇਸ਼ ਭਰ ਵਿੱਚ ਘੱਟੋ-ਘੱਟ ਮਜ਼ਦੂਰੀ 26,000 ਰੁਪਏ ਮਾਸਿਕ ਕਰਨ,ਠੇਕੇ ਉੱਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਪੱਕਾ ਕਰਨ,”ਬਰਾਬਰ ਕੰਮ ਲਈ ਬਰਾਬਰ ਤਨਖ਼ਾਹ” ਨਿਯਮ ਲਾਗੂ ਕਰਨ,ਸਾਰਿਆਂ ਮਜ਼ਦੂਰਾਂ ਲਈ ਘੱਟੋ-ਘੱਟ ਪੈਨਸ਼ਨ ਘੱਟੋ-ਘੱਟ ਤਨਖ਼ਾਹ ਦੇ ਬਰਾਬਰ ਕਰਨ,
ਹਰ ਜ਼ਿਲ੍ਹੇ ਵਿੱਚ ਈ.ਐੱਸ.ਆਈ. ਹਸਪਤਾਲ ਬਣਾਉਣ, ਟਰਾਂਸਪੋਰਟ ਮਜ਼ਦੂਰਾਂ ਲਈ ਬੋਰਡ ਬਣਾਉਣ,ਰਾਜਾਂ ਵਿਚਕਾਰ ਮਾਈਗ੍ਰੈਂਟ ਮਜ਼ਦੂਰ ਕਾਨੂੰਨ ਲਾਗੂ ਕਰਨ,ਵਿਦੇਸ਼ਾਂ ਵਿੱਚ ਕੰਮ ਕਰ ਰਹੇ ਭਾਰਤੀ ਮਜ਼ਦੂਰਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਕਰਨ,ਵਿਦੇਸ਼ੀ ਸਰਕਾਰਾਂ ਨਾਲ ਸਮਝੌਤੇ ਕਰਕੇ ਉਨ੍ਹਾਂ ਦੀ ਤਨਖ਼ਾਹ, ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਪੀ ਐਸ ਯੂ ਦੇ ਜ਼ਿਲ੍ਹਾ ਆਗੂ ਪ੍ਰਤਾਪ ਰੰਗੀਲਪਰ, ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਕਿਰਤੀ ਕਿਸਾਨ ਮੋਰਚੇ ਆਗੂ ਹਰਜੀਤ ਸਿੰਘ ਸੈਦਪੁਰਾ, ਦਵਿੰਦਰ ਸਰਥਲੀ, ਬਿੰਦਰ ਨੂਰਪੁਰ, ਸੁੱਖ ਰਾਮ ਕਾਲੇਵਾਲ, ਦਲਜੀਤ ਸਿੰਘ ਘਨੌਲੀ, ਬਲਜੀਤ ਸਿੰਘ ਹਿੰਦੂਪੁਰ ਆਦਿ ਆਗੂ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।