ਅੰਮ੍ਰਿਤਸਰ, 21 ਮਈ,ਬੋਲੇ ਪੰਜਾਬ ਬਿਊਰੋ;
ਫੌਜ ਵੱਲੋਂ ਸਪਸ਼ਟਤਾ ਆ ਗਈ ਹੈ ਕਿ ‘ਆਪਰੇਸ਼ਨ ਸੰਧੂਰ’ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੋਈ ਵੀ ਹਵਾਈ ਰੱਖਿਆ ਗੰਨ, ਨਾ ਤਾ ਏ.ਡੀ. ਗੰਨ ਤੇ ਨਾ ਹੀ ਕੋਈ ਹੋਰ ਰੱਖਿਆ ਸਰੋਤ, ਤਾਇਨਾਤ ਕੀਤਾ ਗਿਆ ਸੀ।
ਇਹ ਖੰਡਨ ਫੌਜੀ ਹਵਾਈ ਸੁਰੱਖਿਆ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਸੁਮੇਰ ਇਵਾਨ ਡੀ’ਕੂਨਹਾ ਵਲੋਂ ਇੱਕ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਆਇਆ ਹੈ। ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮੁੱਖ ਗ੍ਰੰਥੀ ਵਲੋਂ ਫੌਜ ਨੂੰ ਸਹਿਯੋਗ ਮਿਲਿਆ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਸੰਭਾਵਤ ਡਰੋਨ ਅਤੇ ਮਿਜ਼ਾਈਲ ਖਤਰਿਆਂ ਦਾ ਮੁਕਾਬਲਾ ਕਰਨ ਲਈ ਫ਼ੌਜ ਨੂੰ ਹਰਿਮੰਦਰ ਸਾਹਿਬ ’ਚ ਹਵਾਈ ਸੁਰੱਖਿਆ ਬੰਦੂਕਾਂ ਤਾਇਨਾਤ ਕਰਨ ਦੀ ਇਜਾਜ਼ਤ ਦਿਤੀ ਸੀ।
ਪਰ ਜਿਵੇਂ ਹੀ ਇਹ ਗੱਲ ਚਰਚਾ ਵਿੱਚ ਆਈ, ਫੌਜ ਨੇ ਤੁਰੰਤ ਸਪੱਸ਼ਟੀਕਰਨ ਦਿੱਤਾ ਤੇ ਕਿਹਾ ਕਿ “ਕੁਝ ਮੀਡੀਆ ਰਿਪੋਰਟਾਂ ਦੁਆਰਾ ਜੋ ਦਾਅਵੇ ਕੀਤੇ ਜਾ ਰਹੇ ਹਨ ਕਿ ਦਰਬਾਰ ਸਾਹਿਬ ਦੇ ਅੰਦਰ ਹਵਾਈ ਰੱਖਿਆ ਬੰਦੂਕਾਂ ਲਗਾਈਆਂ ਗਈਆਂ, ਉਹ ਬਿਲਕੁਲ ਅਣਅਧਿਕਾਰਤ ਅਤੇ ਗਲਤ ਹਨ। ਅਸੀਂ ਸਾਫ਼ ਕਰਦੇ ਹਾਂ ਕਿ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਕੋਈ ਵੀ ਐਂਟੀ-ਡ੍ਰੋਨ ਜਾਂ ਏਅਰ ਡਿਫੈਂਸ ਸਿਸਟਮ ਤਾਇਨਾਤ ਨਹੀਂ ਕੀਤਾ ਗਿਆ ਸੀ।”












