ਪੀ.ਐੱਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਰ ਵਿੱਚ ਇੱਕ ਵਿੱਦਿਅਕ ਸੈਮੀਨਾਰ ਕਰਵਾਇਆ ਗਿਆ

ਪੰਜਾਬ

ਘਨੌਰ 21 ਮਈ ,ਬੋਲੇ ਪੰਜਾਬ ਬਿਊਰੋ;

ਪੀ.ਐੱਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਰ ਵਿਖੇ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਦੀ ਅਗਵਾਈ ਹੇਠ ਪ੍ਰਿੰਸੀਪਲ ਜਗਦੀਸ਼ ਸਿੰਘ ਦੇ ਵਿਸ਼ੇਸ਼ ਉਪਰਾਲੇ ਸਦਕਾ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਵਿੱਦਿਅਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਇਕਬਾਲ ਸਿੰਘ ਸਕਰੌਦੀ, ਸੇਵਾ ਮੁਕਤ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਸੰਬੰਧੀ ਜਾਗਰੂਕ ਕਰਦਿਆਂ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ, ਸਮੇਂ ਦਾ ਸਦਉਪਯੋਗ ਕਰਨ, ਸੋਸ਼ਲ ਮੀਡੀਆ ਦੀ ਥਾਂ ‘ਤੇ ਪਾਠ ਪੁਸਤਕਾਂ ਤੋਂ ਇਲਾਵਾ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਪੁਸਤਕਾਂ ਲੈ ਕੇ ਪੜ੍ਹਨ, ਅਨੁਸ਼ਾਸਨ-ਬੱਧ ਜੀਵਨ ਜੀਊਣ ਅਤੇ ਆਪਣੇ ਟੀਚੇ ਨੂੰ ਨਿਰਧਾਰਿਤ ਕਰਕੇ ਨਿੱਠ ਕੇ ਪਹਿਰਾ ਦੇਣ, ਆਪਣੇ ਜੀਵਨ ਵਿੱਚ ਉੱਚ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਪਣੇ ਨਿੱਜੀ ਜੀਵਨ ਦੇ ਸੰਘਰਸ਼ਮਈ ਜੀਵਨ ਵਿਚਲੀਆਂ ਕੁਝ ਘਟਨਾਵਾਂ ਵਿਦਿਆਰਥੀਆਂ ਨਾਲ਼ ਸਾਂਝੀਆਂ ਕਰਦਿਆਂ ਕਿਹਾ ਕਿ ਕੁਦਰਤ ਨੇ ਹਰੇਕ ਮਨੁੱਖ ਨੂੰ ਚੌਵੀ ਘੰਟੇ ਦਿੱਤੇ ਹਨ। ਇਨ੍ਹਾਂ ਚੌਵੀ ਘੰਟਿਆਂ ਵਿੱਚੋਂ ਕੁਝ ਘੰਟੇ ਅਰਾਮ ਕਰਨ ਉਪਰੰਤ ਹਰੇਕ ਵਿਦਿਆਰਥੀ ਪੜ੍ਹਾਈ ਸੰਬੰਧੀ ਆਪਣੇ ਜ਼ਿੰਮੇ ਲੱਗੇ ਫ਼ਰਜ਼ਾਂ ਨੂੰ ਨਿਭਾਉਣ ਦੇ ਨਾਲ਼-ਨਾਲ਼ ਹੋਰ ਸਾਹਿਤਕ ਰੁਚੀਆਂ ਅਨੁਸਾਰ ਪੁਸਤਕਾਂ ਪੜ੍ਹ ਕੇ ਆਪਣੇ ਆਪ ਨੂੰ ਬੁਲੰਦੀਆਂ ‘ਤੇ ਲਿਜਾ ਸਕਦਾ ਹੈ। ਉਨ੍ਹਾਂ ਨੇ ਰਸੂਲ ਹਮਜ਼ਾਤੋਵ ਦੀ ਸੰਸਾਰ ਪ੍ਰਸਿੱਧ ਪੁਸਤਕ “ਮੇਰਾ ਦਾਗਿਸਤਾਨ” ਵਿੱਚੋਂ ਉਦਾਹਰਣ ਦੇ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ- “ਜੇਕਰ ਤੂੰ ਅੱਜ ਸਮੇਂ ਨੂੰ ਬਰਬਾਦ ਕਰੇਂਗਾ ਤਾਂ ਆਉਣ ਵਾਲੇ ਸਮੇਂ ਵਿੱਚ ਸਮਾਂ ਤੈਨੂੰ ਦੁੱਗਣੀ ਤਿੱਗਣੀ ਸ਼ਕਤੀ ਨਾਲ਼ ਬਰਬਾਦ ਕਰੇਗਾ।” ਇਸ ਲਈ ਹਰੇਕ ਵਿਦਿਆਰਥੀ ਸਮੇਂ ਦਾ ਪਾਬੰਦ ਹੋ ਕੇ, ਆਪਣੇ ਜੀਵਨ ਵਿੱਚ ਟੀਚਾ ਨਿਰਧਾਰਤ ਕਰਕੇ ਹੀ ਆਪਣੀ ਮੰਜ਼ਿਲ ‘ਤੇ ਫ਼ਤਹਿ ਪਾ ਸਕਦਾ ਹੈ।
ਉਨ੍ਹਾਂ ਪੰਜਾਬੀ ਦੇ ਪ੍ਰਸਿੱਧ ਪ੍ਰਗਤੀਵਾਦੀ ਸਾ਼ਇਰ ਬਾਵਾ ਬਲਵੰਤ ਦੀ ਇੱਕ ਰੁਬਾਈ ਦੀ ਉਦਾਹਰਣ ਦੇ ਕੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਖ਼ਤ ਮਿਹਨਤ ਕਰਕੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ –
“ਅਮਲ ਦੇ ਨਾਲ਼ ਹੀ ਸਮੇਂ ਦੀ ਲਿਟ ਸੰਵਰਦੀ ਹੈ।
ਅਮਲ ਦੇ ਨਾਲ਼ ਹੀ ਧਰਤੀ ‘ਤੇ ਚੰਦ ਚੜ੍ਹਦਾ ਹੈ।
ਅਮਲ ਦੇ ਨਾਲ਼ ਹੀ ਅਸਮਾਨ ਤੋਂ ਤੋੜ ਕੇ ਤਾਰੇ,
ਇਨਸਾਨ ਆਪਣੀ ਹਥੇਲੀ ‘ਤੇ ਜੜ੍ਹਦਾ ਹੈ।”
ਇਸ ਮੌਕੇ ਪ੍ਰਿੰਸੀਪਲ ਜਗਦੀਸ਼ ਸਿੰਘ ਵੱਲੋਂ ਬਹੁਤ ਹੀ ਮਹੱਤਵਪੂਰਨ ਅਤੇ ਲਾਭਦਾਇਕ ਪ੍ਰਸ਼ਨ ਪੁੱਛੇ। ਡਾ. ਇਕਬਾਲ ਸਿੰਘ ਨੇ ਉਨ੍ਹਾਂ ਪ੍ਰਸ਼ਨਾਂ ਦੇ ਬਹੁਤ ਹੀ ਭਾਵਪੂਰਤ ਢੰਗ ਨਾਲ਼ ਉੱਤਰ ਦਿੱਤੇ। ਇਸ ਮੌਕੇ ਲੈਕਚਰਾਰ ਗੁਰਸ਼ਰਨ ਕੌਰ, ਲੈਕਚਰਾਰ ਪਰਦੀਪ ਕੌਰ, ਲੈਕਚਰਾਰ ਅਰੁਣੇਸ਼ ਸ਼ਰਮਾ, ਲੈਕਚਰਾਰ ਦੌਲਤ ਰਾਮ, ਲੈਕਚਰਾਰ ਨਵਜੋਤ ਕੌਰ, ਮਾਸਟਰ ਦੇਸ ਰਾਜ, ਮੈਡਮ ਇੰਦਰਜੀਤ ਕੌਰ, ਜਸਵਿੰਦਰ ਕੌਰ ਅਤੇ ਹੋਰ ਸਟਾਫ਼ ਮੈਂਬਰਜ਼ ਹਾਜ਼ਰ ਸਨ। ਮੰਚ ਦਾ ਸੰਚਾਲਨ ਲੈਕਚਰਾਰ ਗੁਰਸ਼ਰਨ ਕੌਰ ਨੇ ਬਾਖ਼ੂਬੀ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।