ਮੋਰਿੰਡਾ ,21, ਮਈ ,ਬੋਲੇ ਪੰਜਾਬ ਬਿਊਰੋ ;
ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਕਨਵੀਨਰ ਮਹਿਮਾ ਸਿੰਘ ਧਨੌਲਾ ,ਮਨਜੀਤ ਸਿੰਘ ਸੰਗਤਪੁਰਾ, ਕੋ ਕਨਵੀਨਰ ਮਲਾਗਰ ਸਿੰਘ ਖਮਾਣੋ ਬਿਕਰ ਸਿੰਘ ਮਾਖਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਦੀ ਪੋਸਟ ਇੱਕ ਪੀਸੀਐਸ ਅਧਿਕਾਰੀ ਦੀ ਹੈ ,ਲੰਮੇ ਅਰਸੇ ਤੋਂ ਪੀਸੀਐਸ ਅਧਿਕਾਰੀ ਨਾ ਹੋਣ ਕਰਕੇ ਵਿਭਾਗ ਵਿੱਚ ਤੈਨਾਤ ਕਾਰਜਕਾਰੀ ਇੰਜੀਨੀਅਰ ਨੂੰ ਇਸ ਪੋਸਟ ਦਾ ਚਾਰਜ ਦਿੱਤਾ ਜਾਂਦਾ ਰਿਹਾ ਹੈ,ਜੋ ਕਿ ਇੱਕ ਅਸਮਰਥ ਅਧਿਕਾਰੀ ਹਨ , ਤਾਲਮੇਲ ਸੰਘਰਸ਼ ਕਮੇਟੀ ਦੀ ਲਗਾਤਾਰ ਮੰਗ ਤੇ ਪਿਛਲੇ ਸਮੇਂ ਪੰਜਾਬ ਸਰਕਾਰ ਨੇ ਇਸ ਪੋਸਟ ਤੇ ਇੱਕ ਮਹਿਲਾ ਪੀਸੀਐਸ ਅਧਿਕਾਰੀ ਨੂੰ ਲਗਾਇਆ ਗਿਆ ਸੀ ।ਜਿਸ ਨੇ ਕਾਫੀ ਮਿਹਨਤ ਕਰਕੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਈ ਮੰਗਾਂ ਦਾ ਨਿਪਟਾਰਾ ਵੀ ਹੋਇਆ ।ਪ੍ਰੰਤੂ ਪੰਜਾਬ ਸਰਕਾਰ ਨੇ ਉਕਤ ਪੀਸੀਐਸ ਅਧਿਕਾਰੀ ਨੂੰ ਬਦਲ ਦਿੱਤਾ ਅਤੇ ਹੁਣ ਦੁਬਾਰਾ ਫਿਰ ਕਾਰਜਕਾਰੀ ਇੰਜੀਨੀਅਰ ਨੂੰ ਚਾਰਜ ਦਿੱਤਾ ਗਿਆ ਹੈ। ਡਿਪਟੀ ਡਾਇਰੈਕਟਰ ਪ੍ਰਸ਼ਾਸਨ ਦੀ ਪੱਕੀ ਤਨਾਤੀ ਨਾ ਹੋਣ ਕਾਰਨ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਫਿਰ ਠੰਡੇ ਵਸਤੇ ਵਿੱਚ ਪੈ ਗਈਆਂ ਹਨ। ਇਹਨਾਂ ਦੱਸਿਆ ਕਿ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਨਾਲ 27 ਫਰਵਰੀ ਨੂੰ ਵਿਭਾਗ ਦੇ ਕੈਬਨਿਟ ਮੰਤਰੀ ਨਾਲ ਪੈਨਲ ਮੀਟਿੰਗ ਹੋਈ ਸੀ , ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 16 ਅਪ੍ਰੈਲ ਨੂੰ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਸੀ। ਪ੍ਰੰਤੂ ਵਿਭਾਗ ਦੇ ਮੁੱਖ ਅਧਿਕਾਰੀਆਂ ਵੱਲੋਂ ਮੰਗਾਂ ਦੀਆਂ ਪ੍ਰੋਸੀਡਿੰਗਾਂ ਅੱਜ ਤੱਕ ਜਾਰੀ ਨਹੀਂ ਕੀਤੀਆਂ ਗਈਆਂ। ਸੰਘਰਸ਼ ਕਮੇਟੀ ਵੱਲੋਂ ਵਿਭਾਗ ਦੇ ਕੈਬਨਿਟ ਮੰਤਰੀ ਤੇ ਵਿਭਾਗੀ ਮੁਖੀ ਨੂੰ ਪੱਤਰ ਲਿਖ ਕੇ ਜਿੱਥੇ ਮੰਨੀਆਂ ਹੋਈਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਤੇ ਬਾਕੀ ਮੰਗਾਂ ਨੂੰ ਲਾਗੂ ਕਰਨ ਸਮੇਤ ਸੰਘਰਸ਼ ਕਮੇਟੀ ਨੂੰ ਮੀਟਿੰਗਾਂ ਦਾ ਸਮਾਂ ਦੇਣ ਦੀ ਮੰਗ ਕੀਤੀ ਗਈ, ਉੱਥੇ ਹੀ ਇਹਨਾਂ ਕੈਬਨਿਟ ਮੰਤਰੀ ਤੋਂ ਮੰਗ ਕੀਤੀ ਕਿ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਦੀ ਪੋਸਟ ਤੇ ਪੀਸੀਐਸ ਅਧਿਕਾਰੀ ਜਾਂ ਘੱਟੋ ਘੱਟ ਮੁੱਖ ਇੰਜੀਨੀਅਰ ਪੱਧਰ ਦੇ ਅਧਿਕਾਰੀ ਨੂੰ ਚਾਰਜ ਦਿੱਤਾ ਜਾਵੇ। ਤਾਂ ਜੋ ਫੀਲਡ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਨਿਪਟਾਰਾ ਹੋ ਸਕੇ












