ਮੁਹਾਲੀ ਵਿੱਚ ਵਿਜੈ ਤਿਰੰਗਾ ਯਾਤਰਾ ਕੱਢੀ,

ਪੰਜਾਬ

ਹਿੰਦੂ, ਸਿੱਖ ਤੇ ਮੁਸਲਿਮ ਭਾਈਚਾਰੇ ਸਮੇਤ ਵੱਖ-ਵੱਖ ਧਰਮਾਂ ਤੇ ਵਰਗਾਂ ਦੇ ਲੋਕਾਂ ਨੇ ਕੀਤੀ ਸ਼ਿਰਕਤ
ਮੁਹਾਲੀ, 27 ਮਈ ,ਬੋਲੇ ਪੰਜਾਬ ਬਿਊਰੋ:
ਜੰਮੂ-ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿੱਚ ਅੱਤਵਾਦੀ ਹਮਲੇ ਵਿੱਚ ਨਿਰਦੋਸ਼ ਲੋਕਾਂ ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਅਤੇ ਭਾਰਤੀ ਫੌਜ ਵੱਲੋਂ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਉੱਤੇ ਕੀਤੀ ਗਈ ਜਵਾਬੀ ਕਾਰਵਾਈ ਨੂੰ ਨਮਨ ਕਰਦਿਆਂ ਅੱਜ ਮੁਹਾਲੀ ਵਿੱਚ ਵਿਸ਼ਾਲ ਵਿਜੈ ਤਿਰੰਗਾ ਯਾਤਰਾ ਕੱਢੀ ਗਈ। ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ (ਸੈਕਟਰ-78) ਤੋਂ ਕੱਢੀ ਗਈ ਇਸ ਤਿਰੰਗਾ ਯਾਤਰਾ ਵਿੱਚ ਹਿੰਦੂ, ਸਿੱਖ, ਮੁਸਲਿਮ ਭਾਈਚਾਰੇ ਸਮੇਤ ਵੱਖ-ਵੱਖ ਧਰਮਾਂ, ਵਰਗਾਂ ਅਤੇ ਸਮਾਜਿਕ ਕਾਰਕੁਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਤਿਰੰਗਾ ਯਾਤਰਾ ਵਿੱਚ ਇਲਾਕੇ ਦੇ ਪੰਚਾਂ-ਸਰਪੰਚਾਂ, ਨੰਬਰਦਾਰਾਂ, ਕੌਂਸਲਰਾਂ, ਕਸ਼ਮੀਰੀ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੇ ਭਾਰਤ ਮਾਤਾ ਦੀ ਜੈ, ਜੈ ਜਵਾਨ-ਜੈ ਕਿਸਾਨ, ਅਤੇ ਭਾਈਚਾਰਕ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਭਾਰਤੀ ਫੌਜ ਦੇ ਜਵਾਨਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ, ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਅੱਤਵਾਦੀ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਭਾਰਤੀ ਫੌਜ ਦੀ ਜਵਾਬੀ ਕਾਰਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ‘‘ਫੌਜ ਦੀ ਮੁਸਤੈਦੀ ਬਦੌਲਤ ਹੀ ਅਸੀਂ ਆਪੋ-ਆਪਣੇ ਘਰਾਂ ਵਿੱਚ ਮਹਿਫ਼ੂਜ਼ ਹਾਂ।’’
ਭਾਜਪਾ ਆਗੂ ਸੁੰਦਰ ਲਾਲ ਅਗਰਵਾਲ ਨੇ ਕਿਹਾ ਕਿ ਤਿਰੰਗਾ ਯਾਤਰਾ ਸਿਰਫ਼ ਇੱਕ ਰੈਲੀ ਨਹੀਂ, ਸਗੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਅੱਤਵਾਦ ਖ਼ਿਲਾਫ਼ ਇੱਕ ਸਾਂਝੀ ਆਵਾਜ਼ ਹੈ। ਅਕਾਲੀ ਕੌਂਸਲਰ ਹਰਜਿੰਦਰ ਕੌਰ ਸੋਹਾਣਾ ਨੇ ਕਿਹਾ ਕਿ ਸਾਡੀ ਭਾਈਚਾਰਕ ਏਕਤਾ ਹੀ ਅੱਤਵਾਦੀਆਂ ਨੂੰ ਸਭ ਤੋਂ ਵੱਡਾ ਤੇ ਕਰਾਰਾ ਜਵਾਬ ਹੈ। ਅੱਜ ਸਾਰੇ ਧਰਮਾਂ ਤੇ ਵਰਗਾਂ ਦੇ ਲੋਕਾਂ ਨੇ ਹਿੱਸਾ ਲੈ ਕੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ।
ਭਾਜਪਾ ਦੇ ਸਾਬਕਾ ਕੌਂਸਲਰ ਅਸ਼ੋਕ ਝਾਅ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਸਮਰਥਕ ਅੱਤਵਾਦੀ ਹਮਲੇ ਦਾ ਕਰਾਰਾ ਜਵਾਬ ਦਿੱਤਾ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਪੂਰਾ ਦੇਸ਼ ਇੱਕਜੁੱਟ ਹੋ ਕੇ ਅੱਤਵਾਦ ਨੂੰ ਮੂੰਹ ਤੋੜ ਜਵਾਬ ਦਿੰਦਾ ਰਹੇਗਾ। ਮੁਸਲਿਮ ਭਾਈਚਾਰੇ ਦੇ ਆਗੂ ਅਨਵਰ ਹੁਸੈਨ ਨੇ ਕਿਹਾ ਕਿ ਅੱਤਵਾਦੀ ਹਮਲੇ ਦੇ ਖ਼ਿਲਾਫ਼ ਮੁਲਕ ਦੇ ਹਿੰਦੂ, ਮੁਸਲਿਮ, ਸਿੱਖ, ਇਸਾਈ ਸਾਰੇ ਇਕੱਠੇ ਹਨ।
ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ, ਭਾਜਪਾ ਦੇ ਮੀਡੀਆ ਇੰਚਾਰਜ ਹਰਦੇਵ ਸਿੰਘ ਉੱਭਾ, ਰੀਅਲ ਅਸਟੇਟ ਦੇ ਕਾਰੋਬਾਰੀ ਸ਼ਲਿੰਦਰ ਆਨੰਦ ਨੇ ਵੀ ਕੇਂਦਰ ਸਰਕਾਰ ਅਤੇ ਭਾਰਤੀ ਫੌਜ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਜੱਸਾ, ਪ੍ਰਦੀਪ ਭਾਰਜ, ਮਨਜੀਤ ਸਿੰਘ ਮਾਨ, ਬਲਵਿੰਦਰ ਸਿੰਘ ਲਖਨੌਰ, ਐਡਵੋਕੇਟ ਗਗਨਦੀਪ ਸਿੰਘ, ਨੰਬਰਦਾਰ ਹਰਵਿੰਦਰ ਸਿੰਘ, ਅਮਨ ਪੂਨੀਆ, ਬਲਵਿੰਦਰ ਸਿੰਘ ਮੋਟੇਮਾਜਰਾ, ਹੈਪੀ ਸਨੇਟਾ, ਹਰਿੰਦਰ ਸਿੰਘ ਸੁੱਖਗੜ੍ਹ, ਕੈਪਟਨ ਰਮਨਦੀਪ ਬਾਵਾ, ਕੁਲਦੀਪ ਸਿੰਘ, ਸਤਿੰਦਰ ਸਿੰਘ ਮੌਜਪੁਰ, ਹਰਜੀਤ ਸਿੰਘ ਸੇਖੋਂ, ਜੀਤੀ ਭਾਰਤਪੁਰ, ਰਵਿੰਦਰ ਕੁਮਾਰ ਬੈਂਰੋਪੁਰ, ਜਸਵੰਤ ਸਿੰਘ ਰਾਏਪੁਰ, ਤਰੁਣ ਧਾਲੀਵਾਲ, ਮਲਕੀਤ ਸਿੰਘ ਸਰਪੰਚ ਅਤੇ ਜਤਿੰਦਰਪਾਲ ਸਿੰਘ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।