ਮੋਰਿੰਡਾ, 28 ਮਈ,ਬੋਲੇ ਪੰਜਾਬ ਬਿਊਰੋ;
ਵਿਦੇਸ਼ ਜਾਣ ਦੇ ਸੁਪਨੇ ਲੈ ਰਹੇ ਮੋਰਿੰਡਾ ਦੇ ਇੱਕ ਨੌਜਵਾਨ ਨਾਲ ਕੈਨੇਡਾ ਜਾਣ ਦੇ ਬਹਾਨੇ ਇਮੀਗ੍ਰੇਸ਼ਨ ਫਰਾਡ ਹੋ ਗਿਆ। ਮੋਹਾਲੀ ਦੀ ਇੱਕ ਇਮੀਗ੍ਰੇਸ਼ਨ ਕੰਪਨੀ ਨੇ ਨੌਜਵਾਨ ਨੂੰ ਵਰਕ ਪਰਮਿਟ ਦੇ ਨਾਂ ‘ਤੇ 15.25 ਲੱਖ ਰੁਪਏ ਠੱਗ ਲਏ।
ਇਸ ਮਾਮਲੇ ਬਾਰੇ ਸਥਾਨਕ ਐਸਐਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੋਰਿੰਡਾ ਨਿਵਾਸੀ ਸੁਖਦਰਸ਼ਨ ਸਿੰਘ ਨੇ ਫਰਵਰੀ 2025 ਵਿੱਚ ਐਸਐਸਪੀ ਰੂਪਨਗਰ ਨੂੰ ਇੱਕ ਲਿਖਤੀ ਸ਼ਿਕਾਇਤ ਸੌਂਪੀ ਸੀ। ਉਸਨੇ ਦੱਸਿਆ ਕਿ ਮੋਹਾਲੀ ਸਥਿਤ “ਰੀਅਲ ਗੇਟ ਵੇਅ ਇਮੀਗ੍ਰੇਸ਼ਨ” ਨਾਮੀ ਕੰਪਨੀ ਦੇ ਇਸ਼ਤਿਹਾਰ ਦੇਖ ਕੇ ਉਸਨੇ ਕੈਨੇਡਾ ਦਾ ਵਰਕ ਪਰਮਿਟ ਲਗਵਾਉਣ ਲਈ ਸੰਪਰਕ ਕੀਤਾ। ਕੰਪਨੀ ਦੇ ਮਾਲਕ ਰਕੇਸ਼ ਰਿੱਕੀ ਅਤੇ ਉਸ ਦੀ ਪਤਨੀ ਪ੍ਰਭ ਰਿੱਕੀ ਨੇ ਭਰੋਸਾ ਦਿਵਾਇਆ ਕਿ ਸਿਰਫ 15.25 ਲੱਖ ਰੁਪਏ ਲੈ ਕੇ ਉਹ ਉਸਨੂੰ ਕੈਨੇਡਾ ਭੇਜ ਦੇਣਗੇ।
ਸੁਖਦਰਸ਼ਨ ਨੇ 9 ਸਤੰਬਰ 2024 ਨੂੰ ਪਹਿਲਾ 7 ਲੱਖ ਰੁਪਏ ਆਪਣੇ ਐਚ.ਡੀ.ਐੱਫ.ਸੀ. ਬੈਂਕ ਖਾਤੇ ਤੋਂ ਕੰਪਨੀ ਦੇ ਯੈਸ ਬੈਂਕ ਖਾਤੇ ਵਿੱਚ ਭੇਜੇ ਤੇ ਫਿਰ ਹੋਰ ਵੱਖ-ਵੱਖ ਮਿਤੀਆਂ ਨੂੰ ਕੁੱਲ 15.25 ਲੱਖ ਰੁਪਏ ਦੀ ਰਕਮ ਟਰਾਂਸਫਰ ਕਰ ਦਿੱਤੀ। ਪਰ ਕੰਪਨੀ ਨੇ ਨਾ ਤਾਂ ਉਸਨੂੰ ਕੈਨੇਡਾ ਭੇਜਿਆ ਤੇ ਨਾ ਹੀ ਰਕਮ ਵਾਪਸ ਕੀਤੀ।
ਜਦੋਂ ਮਾਮਲਾ ਪੁਲਿਸ ਕਪਤਾਨ ਪੀਬੀਆਈ ਰੂਪਨਗਰ ਕੋਲ ਪਹੁੰਚਿਆ ਤਾਂ ਲੀਗਲ ਰਾਏ ਅਤੇ ਐਸਐਸਪੀ ਦੀ ਮਨਜ਼ੂਰੀ ਲੈ ਕੇ ਮੋਰਿੰਡਾ ਸਿਟੀ ਪੁਲਿਸ ਨੇ ਰਕੇਸ਼ ਰਿੱਕੀ ਪੁੱਤਰ ਦੇਸਰਾਜ ਰਿੱਕੀ ਅਤੇ ਉਸ ਦੀ ਪਤਨੀ ਪ੍ਰਭ ਰਿੱਕੀ ਵਿਰੁੱਧ ਧਾਰਾ 316(2), 318(4) ਅਧੀਨ ਕੇਸ ਨੰਬਰ 57 ਦਰਜ ਕਰ ਲਿਆ ਹੈ।ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।












