ਸਵਾਮੀ ਨਾਥਨ ਫਾਰਮੂਲੇ ਸੀ ਟੂ+50% ਨਾਲ ਫਸਲਾਂ ਦੀ ਐਮਐਸਪੀ ਦੇਣ ਦੀ ਕੀਤੀ ਮੰਗ
ਸ੍ਰੀ ਚਮਕੌਰ ਸਾਹਿਬ 30 ਮਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ )
ਕਿਰਤੀ ਕਿਸਾਨ ਮੋਰਚੇ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਝੋਨੇ ਸਮੇਤ ਸਾਉਣੀ ਦੀਆਂ ਫਸਲਾਂ ਦੀ ਐਮਐਸਪੀ’ਚ ਕੀਤੇ ਨਿਗੂਣੇ ਵਾਧੇ ਨੂੰ ਰੱਦ ਕਰਦਿਆਂ ਸਵਾਮੀ ਨਾਥਨ ਫਾਰਮੂਲੇ (c2+50%) ਤਹਿਤ ਫਸਲਾਂ ਦੇ ਭਾਅ ਤੈਅ ਕਰਨ ਦੀ ਮੰਗ ਕੀਤੀ ਹੈ। ਜੱਥੇਬੰਦੀ ਨੇ ਭਾਜਪਾ ਨੂੰ ਆਪਣਾ ਚੋਣ ਵਾਅਦਾ ਯਾਦ ਕਰਵਾਇਆ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਮੋਰਚੇ ਦੇ ਚਮਕੌਰ ਸਾਹਿਬ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਫੌਜੀ ਨੇ ਕਿਹਾ ਕਿ ਭਾਜਪਾ ਨੇ ਪਿਛਲੇ ਸਮੇਂ ਵਿੱਚ ਹੋਈਆਂ ਵੱਖ ਵੱਖ ਸੂਬਾਈ ਵਿਧਾਨ ਸਭਾ ਚੋਣਾਂ ਵਿੱਚ ਝੋਨੇ ਦਾ ਭਾਅ 3100 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਵਾਅਦਾ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤਾ ਸੀ ਪ੍ਰੰਤੂ ਹੁਣ 69 ਰੁਪਏ ਦੇ ਵਾਧੇ ਨਾਲ 2369 ਰੁਪਏ ਕੀਮਤ ਤੈਅ ਕਰਕੇ ਕਿਸਾਨਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਲਾਗਤ ਤੇ ਕੀਮਤ ਕਮਿਸ਼ਨ ਨੇ ਝੋਨੇ ਦੀ ਸੀ ਟੂ ਕੀਮਤ 2090, ਜਵਾਰ ਦੀ 3206 ,ਬਾਜਰੇ ਦੀ 2209, ਰਾਗੀ ਦੀ 3976 ,ਮੱਕੀ 1952, ਅਰਹਰ 6839, ਮੂੰਗੀ ਦੀ 7476 ਅਤੇ ਉਰਦ ਦੀ 6829 ਰੁਪਏ ਤੈਅ ਕੀਤੀ ਸੀ ਇਸ ਵਿੱਚ ਜੇਕਰ ਸਵਾਮੀਨਾਥਨ ਫਾਰਮੂਲੇ ਤਹਿਤ 50% ਮੁਨਾਫਾ ਜੋੜਿਆ ਜਾਵੇ ਤਾਂ ਝੋਨੇ ਦੀ ਕੀਮਤ 3135 ,ਜਵਾਰ ਦੀ 4809 ,ਬਾਜਰੇ ਦੀ 3313 ,ਰਾਗੀ ਦੀ 5964 ,ਮੱਕੀ ਦੀ 2928 ਅਰਹਰ ਦੀ 10258 ,ਮੂੰਗੀ ਦੀ 11214 ਅਤੇ ਉਰਦ ਦੀ 10243 ਰੁਪਏ ਕੀਮਤ ਬੱਣਦੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇਕੱਲੇ ਝੋਨੇ ਵਿੱਚ ਹੀ ਕੇਂਦਰ ਸਰਕਾਰ ਨੇ 766 ਰੁਪਏ ਘੱਟ ਭਾਅ ਐਲਾਨਿਆ ਹੈ । ਇਸੇ ਤਰ੍ਹਾਂ ਜਵਾਰ ਦੀ ਕੀਮਤ 1110 ਰੁਪਏ, ਬਾਜਰੇ ਦੀ 538, ਰਾਗੀ ਦੀ 1078, ਮੱਕੀ ਦੀ 528 ਅਤੇ ਮੂੰਗੀ ਦੀ 2446 ਰੁਪਏ ਘੱਟ ਭਾਅ ਐਲਾਨੇ ਗਏ ਹਨ ਜੋਕਿ ਕਿਸਾਨਾਂ ਨਾਲ ਸ਼ਰੇਆਮ ਧੋਖਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਲਾਭਕਾਰੀ ਕੀਮਤ ਨਾ ਦੇਕੇ ਭਾਜਪਾ ਸਰਕਾਰ ਕਿਸਾਨਾਂ ਦੀ ਮਿਹਨਤ ਦੀ ਲੁੱਟ ਕਰ ਰਹੀ ਹੈ। ਇਹ ਲੁੱਟ ਕਿਸਾਨੀ ਸਿਰ ਚੜੇ ਕਰਜ਼ੇ ਦਾ ਇੱਕ ਵੱਡਾ ਕਾਰਨ ਹੈ। ਉਹਨਾਂ ਨੇ ਕੇਂਦਰ ਸਰਕਾਰ ਤੋਂ ਸਵਾਮੀਨਾਥਨ ਫਾਰਮੂਲੇ ਤਹਿਤ ਐਮਐਸਪੀ ਦੇਣ ਦੀ ਪੁਰਜੋਰ ਮੰਗ ਕੀਤੀ ਹੈ।












