ਅੰਮ੍ਰਿਤਸਰ, 31 ਮਈ,ਬੋਲੇ ਪੰਜਾਬ ਬਿਊਰੋ;
ਮੋਹਕਮਪੁਰਾ ਥਾਣੇ ਦੀ ਪੁਲਿਸ ਨੇ ਦੁਬਈ ਬੇਠੇ ਇੱਕ ਖ਼ਤਰਨਾਕ ਗੈਂਗਸਟਰ ਕਿਸ਼ਨਾ ਨਾਲ ਸਬੰਧਤ ਦੋ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋ ਵਿਦੇਸ਼ੀ ਬਣਾਵਟ ਦੇ ਪਿਸਤੌਲ ਅਤੇ ਸੱਤ ਗੋਲੀਆਂ ਵੀ ਬਰਾਮਦ ਕੀਤੀਆਂ ਹਨ।
ਏਡੀਸੀਪੀ ਜਸਰੂਪ ਕੌਰ ਬਾਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਚਾਂਦ ਆਨੰਦ, ਜੋ ਕਿ ਜੰਡਿਆਲਾ ਗੁਰੂ ਦੇ ਠਠਿਆਰਾਂਵਾਲਾ ਇਲਾਕੇ ਦਾ ਨਿਵਾਸੀ ਹੈ, ਅਤੇ ਬਚਿੱਤਰ ਸਿੰਘ ਉਰਫ਼ ਲਖਾਰੀ, ਜੋ ਕਿ ਊਧਮ ਸਿੰਘ ਚੌਕ ’ਚ ਰਹਿੰਦਾ ਹੈ, ਵਜੋਂ ਹੋਈ ਹੈ।
ਉਹਨਾਂ ਦੱਸਿਆ ਕਿ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਵਿਅਕਤੀ ਵਿਦੇਸ਼ੀ ਹਥਿਆਰਾਂ ਦੀ ਵਰਤੋਂ ਕਰਕੇ ਕਿਸੇ ਅਪਰਾਧ ਦੀ ਤਾਕ ’ਚ ਹਨ। ਇਸ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸਨਸਿਟੀ ਟੀ-ਪੁਆਇੰਟ ਨੇੜੇ ਨਾਕਾ ਲਗਾ ਕੇ ਦੋਵਾਂ ਨੂੰ ਫੜ ਲਿਆ।
ਪੁਛਗਿੱਛ ਦੌਰਾਨ ਦੋਹਾਂ ਨੇ ਕਬੂਲਿਆ ਕਿ ਇਹ ਹਥਿਆਰ ਉਨ੍ਹਾਂ ਨੂੰ ਦੁਬਈ ’ਚ ਮੌਜੂਦ ਗੈਂਗਸਟਰ ਕਿਸ਼ਨਾ ਵੱਲੋਂ ਭੇਜੇ ਗਏ ਸਨ ਅਤੇ ਇਹ ਅੱਗੇ ਕਿਸੇ ਹੋਰ ਵਿਅਕਤੀ ਤੱਕ ਪਹੁੰਚਾਏ ਜਾਣੇ ਸਨ।
ਚਾਂਦ ਆਨੰਦ ਵਿਰੁੱਧ 2020, 2021 ਅਤੇ 2023 ਵਿਚ ਵੀ ਵੱਖ-ਵੱਖ ਮਾਮਲਿਆਂ ’ਚ ਜੰਡਿਆਲਾ ਗੁਰੂ ਥਾਣੇ ’ਚ ਕੇਸ ਦਰਜ ਹਨ, ਜਿਨ੍ਹਾਂ ’ਚ ਚੋਰੀ ਅਤੇ ਹਮਲੇ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ।ਪੁਲਿਸ ਨੇ ਦੋਹਾਂ ਖ਼ਿਲਾਫ਼ ਅਪਰਾਧਕ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।












