ਖਰੜ, 1 ਜੂਨ,ਬੋਲੇ ਪੰਜਾਬ ਬਿਊਰੋ;
ਲਾਂਡਰਾ ਰੋਡ ’ਤੇ ਸਥਿਤ ਇੱਕ ਸ਼ੋਰੂਮ ਵਿੱਚ ਇਕ ਗੰਭੀਰ ਹਮਲੇ ਦੀ ਘਟਨਾ ਵਾਪਰੀ। ਐਨਜੀਏ ਬਿਲਡਰ ਨਾਜਿੰਦਰ ਸਿੰਘ ਅਤੇ ਉਸ ਦੇ ਪੁੱਤਰ ਨਵਪ੍ਰੀਤ ਸਿੰਘ ਉੱਤੇ ਕਰੀਬ 30 ਤੋਂ 40 ਅਣਜਾਣ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। ਹਮਲੇ ਦੌਰਾਨ ਨਾਜਿੰਦਰ ਸਿੰਘ ਦੇ ਸਿਰ ਵਿੱਚ ਗੰਭੀਰ ਚੋਟਾਂ ਆਈਆਂ ਹਨ ਅਤੇ ਉਹ ਸਿਵਲ ਹਸਪਤਾਲ ਖਰੜ ਵਿੱਚ ਇਲਾਜ ਅਧੀਨ ਹਨ।
ਨਵਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਹਮਲਾ ਦੁਪਹਿਰ ਸਮੇਂ ਹੋਇਆ, ਜਦੋਂ ਹਥਿਆਰਬੰਦ ਵਿਅਕਤੀ – ਜਿਨ੍ਹਾਂ ਕੋਲ ਕਿਰਪਾਨਾਂ ਅਤੇ ਲੋਹੇ ਦੀਆਂ ਰਾੜਾਂ ਸਨ – ਸ਼ੋਰੂਮ ਵਿੱਚ ਘੁੱਸ ਗਏ। ਹਮਲਾਵਰਾਂ ਨੇ ਸ਼ੋਰੂਮ ਵਿੱਚ ਤੋੜ-ਫੋੜ ਕੀਤੀ ਅਤੇ ਬਾਹਰ ਖੜੇ ਵਾਹਨਾਂ ਦੇ ਵੀ ਸ਼ੀਸ਼ੇ ਤੋੜੇ। ਹਮਲੇ ਦੌਰਾਨ ਨਾਜਿੰਦਰ ਸਿੰਘ ਦੇ ਇਲਾਵਾ ਹੋਰ ਕਰਮਚਾਰੀ ਵੀ ਜ਼ਖਮੀ ਹੋਏ।
ਪੁਲਿਸ ਨੇ ਜਾਣਕਾਰੀ ਦਿੱਤੀ ਕਿ 112 ਨੰਬਰ ’ਤੇ ਸ਼ਿਕਾਇਤ ਮਿਲਣ ਉਪਰੰਤ ਤੁਰੰਤ ਪੀਸੀਆਰ ਟੀਮ ਮੌਕੇ ’ਤੇ ਪਹੁੰਚੀ, ਪਰ ਉਸ ਵੇਲੇ ਤੱਕ ਹਮਲਾਵਰ ਉੱਥੋਂ ਫਰਾਰ ਹੋ ਚੁੱਕੇ ਸਨ। ਮਾਮਲੇ ਦੀ ਜਾਂਚ ਜਾਰੀ ਹੈ।












