ਜੈਤੋ, 2 ਜੂਨ,ਬੋਲੇ ਪੰਜਾਬ ਬਿਊਰੋ;
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀਕਪੂਰਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਨਸ਼ਾ ਕਰਨ ਦਾ ਆਦੀ ਇਕ ਨੌਜਵਾਨ, 22 ਸਾਲਾ ਮਨਪ੍ਰੀਤ ਸਿੰਘ ਉਰਫ਼ ਮਣੀ ਪੁੱਤਰ ਸਾਰਜ ਸਿੰਘ ਦੀ, ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਮੌਤ ਹੋ ਗਈ।
ਮਨਪ੍ਰੀਤ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ। ਕੁਝ ਸਾਲ ਪਹਿਲਾਂ ਉਸਦੇ ਪਿਤਾ ਦੀ ਵੀ ਨਸ਼ੇ ਕਾਰਨ ਜਾਨ ਚਲੀ ਗਈ ਸੀ। ਹੁਣ ਇਸ ਨੌਜਵਾਨ ਦੀ ਮੌਤ ਨੇ ਪਰਿਵਾਰ ’ਚ ਇੱਕ ਵਾਰ ਫੇਰ ਵੱਡਾ ਸਦਮਾ ਪਾ ਦਿੱਤਾ ਹੈ। ਉਸ ਦੀ ਪਤਨੀ, ਮਾਂ ਅਤੇ ਇਕ ਦੋ ਸਾਲ ਦੀ ਬੇਟੀ ਪਿੱਛੇ ਰਹਿ ਗਈਆਂ ਹਨ।
ਮਨਪ੍ਰੀਤ ਦੀ ਮਾਂ ਨੇ ਕਿਹਾ ਕਿ ਸਰਕਾਰ ਵਲੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਤਾਂ ਕਈ ਕੀਤੇ ਜਾਂਦੇ ਹਨ, ਪਰ ਹਕੀਕਤ ਇਹ ਹੈ ਕਿ ਪਿੰਡਾਂ ਵਿੱਚ ਅਜੇ ਵੀ ਆਸਾਨੀ ਨਾਲ ਨਸ਼ਾ ਉਪਲਬਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਇਸ ਗੰਭੀਰ ਸਮੱਸਿਆ ਦੀ ਗਵਾਹੀ ਦੇ ਰਹੀ ਹੈ।












