ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ 8 ਵਿਦਿਆਰਥੀਆਂ ਨੇ ਜੇਈਈ ਐਡਵਾਂਸ ਪ੍ਰੀਖਿਆ ਵਿੱਚ ਦਰਜ ਕਰਵਾਈ ਕਾਮਯਾਬੀ,

ਪੰਜਾਬ

ਡੀਈਓ ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸ਼ਰਮਾ ਨੇ ਸਫਲ ਵਿਦਿਆਰਥੀਆਂ ਨੂੰ ਦਿੱਤੀਆਂ ਵਧਾਈਆਂ


ਪਟਿਆਲਾ, 3 ਜੂਨ ,ਬੋਲੇ ਪੰਜਾਬ ਬਿਊਰੋ;

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚੱਲ ਰਹੀ ਸਿੱਖਿਆ ਨੀਤੀ ਦੇ ਠੋਸ ਨਤੀਜੇ ਹੁਣ ਨਜ਼ਰ ਆਉਣ ਲੱਗੇ ਹਨ। ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ 8 ਹੋਣਹਾਰ ਵਿਦਿਆਰਥੀਆਂ ਨੇ ਪ੍ਰਸਿੱਧ ਤੇ ਔਖੀ ਮੰਨੀ ਜਾਣ ਵਾਲੀ ਜੇਈਈ ਐਡਵਾਂਸ ਮੁਕਾਬਲਾ ਪ੍ਰੀਖਿਆ ਵਿੱਚ ਸਫਲ ਹੋ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਜੀਵ ਸ਼ਰਮਾ ਨੇ ਸਫਲ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਲਿਆਏ ਗਏ ਸੁਧਾਰਾਂ, ਸਕੂਲਾਂ ਵਿੱਚ ਦਿੱਖਿਆ ਗੁਣਵੱਤਾ ਵਿੱਚ ਹੋਏ ਨਿਰੰਤਰ ਵਾਧੇ ਅਤੇ ਅਧਿਆਪਕਾਂ ਦੀ ਲਗਾਤਾਰ ਮਿਹਨਤ ਦਾ ਨਤੀਜਾ ਹੈ।
ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਸਮੇਂ-ਸਿਰ ਰਹਿਨੁਮਾਈ, ਪ੍ਰੇਰਨਾ ਅਤੇ ਅਗਵਾਈ ਨਾਲ ਜਿੱਥੇ ਉਹਨਾਂ ਵਿੱਚ ਖੁਦ ਉਤੇ ਭਰੋਸਾ ਵਧਿਆ, ਉੱਥੇ ਹੀ ਸਿੱਖਿਆ ਵਿਭਾਗ ਨੇ ਵੀ ਹਰੇਕ ਪੱਧਰ ‘ਤੇ ਉਹਨਾਂ ਦੀ ਸਹਾਇਤਾ ਕੀਤੀ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਨੇ ਵੀ ਵਿਦਿਆਰਥੀਆਂ ਦੀ ਇਸ ਉਪਲਬਧੀ ਨੂੰ ਉਨ੍ਹਾਂ ਦੀ ਲਗਨ, ਸੱਚੀ ਨਿਸ਼ਠਾ ਅਤੇ ਦ੍ਰਿੜ ਨਿਸ਼ਚੇ ਦਾ ਨਤੀਜਾ ਦੱਸਿਆ।


ਸਫਲ ਵਿਦਿਆਰਥੀਆਂ ਵਿੱਚ ਮੈਰੀਟੋਰੀਅਸ ਸਕੂਲ ਪਟਿਆਲਾ ਤੋਂ ਹਰਕਿਰਨ ਦਾਸ, ਹਰਵਿੰਦਰ, ਜਸ਼ਨਦੀਪ ਸਿੰਘ ਅਤੇ ਅਦਿੱਤਿਆ, ਸਕੂਲ ਆਫ ਐਮੀਨੈਂਸ ਸਮਾਣਾ ਤੋਂ ਅਰਸ਼ਦੀਪ, ਸਰਕਾਰੀ ਕੋ ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਤੋਂ ਗੁਰਲੀਨ ਕੌਰ ਅਤੇ ਪ੍ਰਭਪ੍ਰੀਤ ਅਤੇ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਤੋਂ ਵਿਦਾਂਸ਼ ਸ਼ਾਮਲ ਹਨ। ਇਹ ਸਾਰੇ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚੋਂ ਹੋ ਕੇ ਆਉਣ ਵਾਲੇ ਉਹ ਸਿਤਾਰੇ ਹਨ, ਜਿਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਕਾਮਯਾਬੀ ਲਈ ਸਿਰਫ਼ ਆਰਥਿਕ ਰੁਝਾਨ ਨਹੀਂ, ਸਹੀ ਮਾਰਗਦਰਸ਼ਨ ਅਤੇ ਲਗਨ ਜ਼ਰੂਰੀ ਹੁੰਦੀ ਹੈ।
ਜਿਲ੍ਹਾ ਨੋਡਲ ਅਫ਼ਸਰ ਕਮ ਸਹਾਇਕ ਡਾਇਰੈਕਟਰ ਜਸਵਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਇਹ ਕਾਮਯਾਬੀ ਦੱਸਦੀ ਹੈ ਕਿ ਜੇਕਰ ਅਧਿਆਪਕ ਅਤੇ ਵਿਦਿਆਰਥੀ ਦੋਹਾਂ ਆਪਣੀ ਭੂਮਿਕਾ ਨਿਭਾਉਣ, ਤਾਂ ਕੋਈ ਵੀ ਮੁਸ਼ਕਿਲ ਨਹੀਂ ਰਹਿੰਦੀ।


ਇਸ ਮੌਕੇ ਪ੍ਰਿੰਸੀਪਲ ਡਾ: ਰਜਨੀਸ਼ ਗੁਪਤਾ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ, ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਸਕੰਸਸਸ ਓਲਡ ਪੁਲਿਸ ਲਾਈਨ ਸਕੂਲ, ਪ੍ਰਿੰਸੀਪਲ ਰਮਨਦੀਪ ਕੌਰ ਸਸਸਸ ਕਲਿਆਣ, ਸੰਦੀਪ ਕੁਮਾਰ ਸਸਸਸ ਝਾਂਸਲਾ, ਪ੍ਰਿੰਸੀਪਲ ਦੀਪ ਮਾਲਾ ਗੋਇਲ ਮੈਰੀਟੋਰੀਅਸ ਸਕੂਲ ਪਟਿਆਲਾ, ਪ੍ਰਿੰਸੀਪਲ ਵਿਜੇ ਕਪੂਰ ਸਰਕਾਰੀ ਕੋ ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ, ਜ਼ਿਲ੍ਹਾ ਨੋਡਲ ਇੰਚਾਰਜ ਦੌਲਤ ਰਾਮ ਲੈਕਚਰਾਰ ਫਿਜੀਕਸ ਸਸਸਸ ਘਨੌਰ ਅਤੇ ਰਾਜਿੰਦਰ ਸਿੰਘ ਚਾਨੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਟਿਆਲਾ ਨੇ ਵੀ ਵਧਾਈਆਂ ਦਿੱਤੀਆਂ।
ਇਸ ਸਫਲਤਾ ਨੇ ਸਿੱਖਿਆ ਵਿਭਾਗ ਦੇ ਉਨ੍ਹਾਂ ਯਤਨਾਂ ਨੂੰ ਹੋਰ ਮਜ਼ਬੂਤੀ ਦਿੱਤੀ ਹੈ, ਜੋ ਸਕੂਲਾਂ ਨੂੰ ਮਾਪਦੰਡਾਂ ਅਨੁਸਾਰ ਵਿਕਸਤ ਕਰਕੇ ਹਰ ਇੱਕ ਵਿਦਿਆਰਥੀ ਨੂੰ ਰੋਸ਼ਨ ਭਵਿੱਖ ਵੱਲ ਲੈ ਜਾਣ ਲਈ ਕੀਤੇ ਜਾ ਰਹੇ ਹਨ। ਜੇਈਈ ਐਡਵਾਂਸ ਵਿੱਚ ਪਾਸ ਹੋਏ ਇਹ ਵਿਦਿਆਰਥੀ ਹੁਣ ਦੇਸ਼ ਦੇ ਪ੍ਰਮੁੱਖ ਇੰਜੀਨੀਅਰਿੰਗ ਸੰਸਥਾਨਾਂ ਵਿੱਚ ਦਾਖ਼ਲਾ ਲੈਣ ਦੇ ਯੋਗ ਹੋ ਗਏ ਹਨ, ਜੋ ਕਿ ਸਿਰਫ਼ ਉਹਨਾਂ ਲਈ ਹੀ ਨਹੀਂ, ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ।
ਸਰਕਾਰੀ ਸਕੂਲਾਂ ਦੀ ਇਹ ਕਾਮਯਾਬੀ ਬਾਕੀ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।