ਲੁਧਿਆਣਾ, 14 ਜੂਨ,ਬੋਲੇ ਪੰਜਾਬ ਬਿਊਰੋ;
ਪੰਜਾਬ ਦੀ ਸਿਆਸਤ ਵਿੱਚ ਅੱਜ ਇਕ ਵੱਡੀ ਹਲਚਲ ਵੇਖਣ ਨੂੰ ਮਿਲੀ ਜਦੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਲਈ। ਇਹ ਵਾਪਸੀ ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਹੋਈ, ਜਿੱਥੇ ਪਾਰਟੀ ਦੇ ਹੋਰ ਕਈ ਸੀਨੀਅਰ ਆਗੂ ਵੀ ਮੌਜੂਦ ਸਨ।
ਮਲੂਕਾ ਦੀ ਘਰ ਵਾਪਸੀ ਮੌਕੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਹੋਰ ਆਗੂ ਵੀ ਹਾਜ਼ਰ ਸਨ। ਇਹ ਦੱਸਣਾ ਲਾਜ਼ਮੀ ਹੈ ਕਿ ਮਲੂਕਾ ਕੁਝ ਸਮਾਂ ਪਹਿਲਾਂ ਅਕਾਲੀ ਦਲ ਤੋਂ ਦੂਰ ਹੋ ਗਏ ਸਨ ਤੇ ਉਨ੍ਹਾਂ ਦੀ ਨੂੰਹ ਨੇ ਭਾਜਪਾ ਦੀ ਟਿਕਟ ’ਤੇ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ ਸੀ।
ਸੁਖਬੀਰ ਬਾਦਲ ਨੇ ਮਲੂਕਾ ਦੀ ਘਰ ਵਾਪਸੀ ਦਾ ਸਵਾਗਤ ਕਰਦੇ ਹੋਏ ਕਿਹਾ, “ਇਹ ਸਿਰਫ ਇਕ ਵਿਅਕਤੀ ਦੀ ਵਾਪਸੀ ਨਹੀਂ, ਇਹ ਅਕਾਲੀ ਦਲ ਦੀ ਤਾਕਤ ਵਿੱਚ ਵਾਧਾ ਹੈ। ਲੁਧਿਆਣਾ ਪੱਛਮੀ ਦੀ ਜਿੱਤ ਹੁਣ ਹੋਰ ਨੇੜੇ ਆ ਗਈ ਹੈ।”
ਉਨ੍ਹਾਂ ਅਗੇ ਕਿਹਾ, “ਸਾਨੂੰ ਸਾਰਿਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਇੱਕ ਹੋਣਾ ਪਵੇਗਾ। ਇਹ ਕੰਮ ਸਿਰਫ ਅਕਾਲੀ ਦਲ ਕਰ ਸਕਦਾ ਹੈ, ਜੋ ਹਮੇਸ਼ਾ ਤੋਂ ਪੰਜਾਬੀਆਂ ਦੇ ਹੱਕ ਵਿੱਚ ਖੜ੍ਹਾ ਰਿਹਾ ਹੈ।”












