ਪਟਨਾ, 16 ਜੂਨ,ਬੋਲੇ ਪੰਜਾਬ ਬਿਊਰੋ;
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਅੱਜ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬਾਜਿਤਪੁਰ ਨੇੜੇ ਨਯਾਗਾਂਵ ਦੀ ਚਾਰ ਲੇਨ ‘ਤੇ ਵਾਪਰਿਆ, ਜਿਥੇ ਮੱਕੀ ਨਾਲ ਭਰੀ ਇਕ ਪਿਕਅੱਪ ਵੈਨ ਟਾਇਰ ਫਟਣ ਕਾਰਨ ਅਚਾਨਕ ਉਲਟ ਗਈ।
ਪਤਾ ਲੱਗਿਆ ਹੈ ਕਿ ਸਾਰਨ ਜ਼ਿਲ੍ਹੇ ਤੋਂ ਲਗਭਗ 25 ਮਜ਼ਦੂਰ ਪਿਕਅੱਪ ਵੈਨ ਰਾਹੀਂ ਵੈਸ਼ਾਲੀ ਵੱਲ ਆ ਰਹੇ ਸਨ। ਵੈਨ ‘ਚ ਮੱਕੀ ਲੱਦੀ ਹੋਈ ਸੀ। ਜਿਵੇਂ ਹੀ ਵਾਹਨ ਬਾਜਿਤਪੁਰ ਨੇੜੇ ਪੁੱਜਾ, ਟਾਇਰ ਫਟਣ ਨਾਲ ਗੱਡੀ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਚਾਰ ਲੇਨ ਸੜਕ ’ਤੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ’ਤੇ ਹੀ ਪੰਜ ਲੋਕਾਂ ਦੀ ਜਾਨ ਚਲੀ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ।
ਜਿਵੇਂ ਹੀ ਹਾਦਸੇ ਦੀ ਖਬਰ ਪਿੰਡ ’ਚ ਪਹੁੰਚੀ, ਹੜਕੰਪ ਮਚ ਗਿਆ। ਲੋਕ ਇਕੱਠੇ ਹੋ ਕੇ ਮੌਕੇ ’ਤੇ ਦੌੜੇ। ਪੁਲਿਸ ਵੀ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਸੋਨਪੁਰ ਸਬ-ਡਿਵੀਜ਼ਨ ਹਸਪਤਾਲ ਭੇਜਿਆ ਗਿਆ, ਜਿਥੇ ਡਾਕਟਰਾਂ ਨੇ ਪੰਜ ਲੋਕਾਂ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ।
ਸਾਰੇ ਮ੍ਰਿਤਕ ਇਕੋ ਹੀ ਪਿੰਡ ਦੇ ਰਹਿਣ ਵਾਲੇ ਸਨ, ਜਿਸ ਕਾਰਨ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।














