ਬਠਿੰਡਾ, 20 ਜੂਨ,ਬੋਲੇ ਪੰਜਾਬ ਬਿਊਰੋ:
ਬਠਿੰਡਾ ਵਿੱਚ ਨਸ਼ਿਆਂ ਦੇ ਕਹਿਰ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਊਧਮ ਸਿੰਘ ਨਗਰ ਦੇ ਰਹਿਣ ਵਾਲੇ 19 ਸਾਲਾ ਹਰਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਹ ਘਟਨਾ ਗਣਪਤੀ ਕਲੋਨੀ ਨੇੜੇ ਸਥਿਤ ਗਣਪਤੀ ਗੈਸਟ ਹਾਊਸ ਵਿੱਚ ਵਾਪਰੀ, ਜਿੱਥੇ ਕੁਝ ਨੌਜਵਾਨ ਪਾਰਟੀ ਕਰਨ ਲਈ ਇਕੱਠੇ ਹੋਏ ਸਨ। ਮ੍ਰਿਤਕ ਦੇ ਪਿਤਾ ਹਰਜੀਤ ਸਿੰਘ ਦੇ ਬਿਆਨ ‘ਤੇ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਵਿਸ਼ਾਲ, ਵਿਕਾਸ, ਖਜੂਰਾ, ਅੰਕੁਸ਼, ਆਕਾਸ਼, ਨਿਖਿਲ, ਬਿੱਟੂ ਅਤੇ ਗੈਸਟ ਹਾਊਸ ਸੰਚਾਲਕ ਸੁਖਮੰਗਲਜੀਤ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਰਾਤ ਨੂੰ ਕੁਝ ਨੌਜਵਾਨ ਗਣਪਤੀ ਗੈਸਟ ਹਾਊਸ ਵਿੱਚ ਪਾਰਟੀ ਲਈ ਇਕੱਠੇ ਹੋਏ ਸਨ। ਇਸ ਦੌਰਾਨ ਨਸ਼ੇ ਦੀ ਓਵਰਡੋਜ਼ ਕਾਰਨ ਹਰਵਿੰਦਰ ਦੀ ਹਾਲਤ ਵਿਗੜ ਗਈ। ਸੂਚਨਾ ਮਿਲਣ ‘ਤੇ ਥਾਣਾ ਕੈਨਾਲ ਕਲੋਨੀ ਦਾ ਸਟਾਫ਼ ਮੌਕੇ ‘ਤੇ ਪਹੁੰਚ ਗਿਆ, ਪਰ ਇਸ ਤੋਂ ਪਹਿਲਾਂ ਹੀ ਉਸਦੇ ਸਾਥੀ ਉਸਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਸਦੇ ਪੁੱਤਰ ਨੂੰ ਉਸਦੇ ਆਪਣੇ ਦੋਸਤਾਂ ਨੇ ਜਾਣਬੁੱਝ ਕੇ ਨਸ਼ੇ ਦੀ ਓਵਰਡੋਜ਼ ਦਿੱਤੀ ਸੀ, ਜਿਸ ਕਾਰਨ ਉਸਦੀ ਜਾਨ ਚਲੀ ਗਈ। ਦੂਜੇ ਪਾਸੇ ਥਾਣਾ ਕੈਨਾਲ ਕਲੋਨੀ ਦੇ ਐਸ.ਐਚ.ਓ. ਹਰਜੀਵਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ‘ਤੇ 8 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।















