ਮੋਹਾਲੀ, 27 ਜੂਨ,ਬੋਲੇ ਪੰਜਾਬ ਬਿਊਰੋ;
ਸਟੇਟ ਸਪੈਸ਼ਲ ਓਪਰੇਸ਼ਨ ਸੈੱਲ (SSOC) ਮੋਹਾਲੀ ਨੇ ਇਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਉਸ ਅੱਤਵਾਦੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਮਦਦ ਨਾਲ ਸਰਗਰਮ ਸੀ। ਇਹ ਗਿਰੋਹ ਵਿਦੇਸ਼ੀ ਸਰਗਨਿਆਂ ਵੱਲੋਂ ਚਲਾਇਆ ਜਾ ਰਿਹਾ ਸੀ, ਜਿਸ ’ਚ ਯੂ.ਕੇ. ਵਿਚ ਬੈਠਾ ਨਿਸ਼ਾਨ ਸਿੰਘ ਅਤੇ ਪਾਕਿਸਤਾਨ ਆਧਾਰਤ ਹਰਵਿੰਦਰ ਸਿੰਘ ਰਿੰਦਾ ਮੁੱਖ ਭੂਮਿਕਾ ਨਿਭਾ ਰਹੇ ਸਨ।
SSOC ਦੀ ਟੀਮ ਨੇ ਖੁਫੀਆ ਜਾਣਕਾਰੀ ਦੀ ਬੁਨਿਆਦ ’ਤੇ ਚਲਾਈ ਗਈ ਕਾਰਵਾਈ ਦੌਰਾਨ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿਚ ਇਕ ਨਾਬਾਲਿਗ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਪੁਲਿਸ ਠਾਣਿਆਂ ਤੇ ਹਮਲੇ ਕਰਨ ਅਤੇ ਕਤਲ ਦੀ ਯੋਜਨਾ ਬਣਾ ਰਿਹਾ ਸੀ।
ਛਾਪੇਮਾਰੀ ਦੌਰਾਨ ਦੋ ਹੈਂਡ ਗ੍ਰਨੇਡ, ਇਕ ਗਲੌਕ ਪਿਸਤੌਲ ਅਤੇ ਗੋਲਾਬਾਰੂਦ ਬਰਾਮਦ ਕੀਤਾ ਗਿਆ। ਗ੍ਰਿਫ਼ਤਾਰ ਹੋਏ ਦੋ ਮੁਲਜ਼ਮਾਂ ਦੀ ਪਛਾਣ ਸਹਿਜਪਾਲ ਸਿੰਘ ਅਤੇ ਵਿਕਰਮਜੀਤ ਸਿੰਘ ਵਜੋਂ ਹੋਈ ਹੈ, ਜੋ ਦੋਵੇਂ ਅੰਮ੍ਰਿਤਸਰ ਦੇ ਰਾਮਦਾਸ ਖੇਤਰ ਦੇ ਵਸਨੀਕ ਹਨ।
ਇਸ ਸੰਬੰਧੀ ਮੋਹਾਲੀ ਪੁਲਿਸ ਥਾਣੇ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਜਾਰੀ ਹੈ।












