ਪ੍ਰਾਇਮਰੀ ਅਧਿਆਪਕਾਂ ਦੇ ਭਖਵੇਂ ਮਸਲਿਆਂ ਨੂੰ ਲੈ ਕੇ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ

ਪੰਜਾਬ

ਡੀ.ਟੀ.ਐੱਫ. ਵੱਲੋਂ ਹੈੱਡ ਟੀਚਰਜ਼, ਸੈਂਟਰ ਹੈਡ ਟੀਚਰਜ਼ ਅਤੇ ਬੀ ਪੀ ਈ ਓ ਦੇ ਕੰਮ ਨੂੰ ਦੇਖਦਿਆਂ ਤਨਖਾਹ ਸਕੇਲ ਵਧਾਉਣ ਦੀ ਮੰਗ

ਫਤਿਹਗੜ੍ਹ ਸਾਹਿਬ,28, ਜੂਨ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);

ਸਿੱਖਿਆ ਸਕੱਤਰ ਪੰਜਾਬ ਸ਼੍ਰੀ ਮਤੀ ਅਨੰਦਿਤਾ ਮਿੱਤਰਾ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੇ ਭਖਵੇਂ ਮਸਲਿਆਂ ਨੂੰ ਲੈ ਕੇ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਨਾਲ ਕੀਤੀ ਮੀਟਿੰਗ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ ਗਈ, ਉਹਨਾਂ ਨਾਲ ਰਮਨਜੀਤ ਸੰਧੂ ਜਿਲ੍ਹਾ ਪ੍ਰਧਾਨ ਲੁਧਿਆਣਾ, ਜੋਸ਼ੀਲ ਤਿਵਾੜੀ ਜਿਲ੍ਹਾ ਸਕੱਤਰ ਫਤਹਿਗੜ੍ਹ ਸਾਹਿਬ ਅਤੇ ਗਿਆਨ ਚੰਦ ਜਿਲ੍ਹਾ ਪ੍ਰਧਾਨ ਰੋਪੜ ਹਾਜਰ ਰਹੇ।

ਡੀ ਟੀ ਐੱਫ ਵੱਲੋਂ ਆਪਣਾ ਪੱਖ ਰੱਖਦਿਆਂ ਮੰਗ ਕੀਤੀ ਗਈ ਕਿ ਈ.ਟੀ.ਟੀ. ਤੋਂ ਲੈ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੱਕ ਜ਼ਿਲ੍ਹਾ ਕਾਡਰ ਹੀ ਰੱਖਿਆ ਜਾਵੇ। ਇਸੇ ਤਰ੍ਹਾਂ ਈ.ਟੀ.ਟੀ. ਤੋਂ ਹੈੱਡ ਟੀਚਰ, ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੱਕ ਦੀਆਂ ਤਰੱਕੀਆਂ ਨੂੰ ਜਿਲ੍ਹਾ ਪੱਧਰ ‘ਤੇ ਹੀ ਕਰਨ ਦੀ ਮੰਗ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਿਆ ਗਿਆ। ਰੂਪਨਗਰ ਜ਼ਿਲ੍ਹੇ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਇਥੇ 9 ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਤੋ ਬਿਨਾਂ ਹੀ ਚੱਲ ਰਹੇ ਹਨ।ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀ ਉਡੀਕ ਕਰ ਰਹੇ ਹਨ। ਹਰੇਕ ਪ੍ਰਾਇਮਰੀ ਸਕੂਲ ਵਿੱਚ ਪ੍ਰੀ-ਪ੍ਰਾਇਮਰੀ ਪੱਧਰ ਤੋਂ ਕੇ ਲੈ ਪੰਜਵੀਂ ਜਮਾਤ ਤੱਕ ਜਮਾਤ ਵਾਰ ਅਧਿਆਪਕ ਦਿੱਤੇ ਜਾਣ, ਹਰੇਕ ਪ੍ਰਾਇਮਰੀ ਸਕੂਲ ਵਿੱਚ ਲਾਜ਼ਮੀ ਤੌਰ ‘ਤੇ ਸਫਾਈ ਸੇਵਕ ਦੇਣ ਅਤੇ ਪ੍ਰੀ ਪ੍ਰਾਇਮਰੀ ਪੱਧਰ ਦੇ ਬੱਚਿਆਂ ਦੀ ਦੇਖਭਾਲ ਕਰਨ ਲਈ ਹੈਲਪਰ ਦੀ ਪੋਸਟ ਦੇਣ ਦੀ ਮੰਗ ਰੱਖੀ ਗਈ। ਇਸ ਤੋਂ ਇਲਾਵਾ ਸੈਂਟਰ ਪੱਧਰ ‘ਤੇ ਇੱਕ ਕਲਰਕ ਕਮ ਡਾਟਾ ਐਂਟਰੀ ਓਪਰੇਟਰ, ਇਕ ਕੰਪਿਊਟਰ ਅਧਿਆਪਕ ਅਤੇ ਪ੍ਰਾਇਮਰੀ ਪੱਧਰ ‘ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੀ ਟੀ ਆਈ ਅਧਿਆਪਕ ਰੱਖਣ ਦੀ ਮੰਗ ਕੀਤੀ ਗਈ। ਸਿੱਖਿਆ ਸਕੱਤਰ ਵੱਲੋਂ 5994 ਈਟੀਟੀ ਭਰਤੀ ਵਿੱਚੋਂ ਰਹਿੰਦੀਆਂ 2994 ਅਸਾਮੀਆਂ ਨੂੰ ਡੀ-ਰਿਜ਼ਰਵ ਕਰਕੇ ਜਲਦ ਭਰਨ ਸਮੇਤ ਬਾਕੀ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਹਾਮੀ ਭਰੀ ਗਈ ਅਤੇ ਪ੍ਰਾਇਮਰੀ ਅਧਿਆਪਕਾਂ ਦੀ ਨੌਕਰੀ ਵਿੱਚ ਖੜੋਤ ਤੋੜਣ ਲਈ ਲਗਾਤਾਰ ਤਰੱਕੀਆਂ ਕਰਨ ਅਤੇ ਹੈੱਡ ਟੀਚਰ ਤੋਂ ਬੀਪੀਈਓ ਤੱਕ ਦੀਆਂ ਅਸਾਮੀਆਂ ਨੂੰ 90 ਪ੍ਰਤੀਸ਼ਤ ਪ੍ਰਮੋਸ਼ਨ ਰਾਹੀਂ ਭਰਨ ਲਈ ਸਹਿਮਤੀ ਦਿੱਤੀ ਗਈ।

ਆਗੂਆਂ ਵੱਲੋਂ ਪ੍ਰਾਇਮਰੀ ਪੱਧਰ ਦੇ ਵੱਖ ਵੱਖ ਕਾਡਰਾਂ ਦੇ ਤਨਖਾਹ ਸਕੇਲਾਂ ਵਿੱਚ ਵਾਧੇ ਦੀ ਤਜਵੀਜ਼ ਰੱਖਦਿਆਂ ਮੰਗ ਕੀਤੀ ਕਿ ਬਲਾਕ ਸਿੱਖਿਆ ਅਫ਼ਸਰ ਦੇ ਕੋਲ ਸਕੂਲਾਂ ਦੀ ਗਿਣਤੀ ਵਧੇਰੇ ਹੋਣ ਕਾਰਣ ਜਿੰਮੇਦਾਰੀ ਵੱਧ ਹੋਣ ਕਰਕੇ ਬਲਾਕ ਸਿੱਖਿਆ ਅਫਸਰਾਂ ਦਾ ਸਕੇਲ ਹੈੱਡ ਮਾਸਟਰ ਦੇ ਸਕੇਲ ਦੇ ਬਰਾਬਰ ਹੋਣਾ ਚਾਹੀਦਾ ਹੈ, ਜਿਵੇਂ ਕਿ ਚੌਥੇ ਪੇਅ ਕਮਿਸ਼ਨ ਦੌਰਾਨ ਬਰਾਬਰ ਹੁੰਦਾ ਸੀ ਅਤੇ ਬੀ ਪੀ ਈ ਓ ਦੀ ਤਰੱਕੀ ਪ੍ਰਿੰਸੀਪਲ ਦੀ ਪੋਸਟ ‘ਤੇ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਸੈਂਟਰ ਹੈੱਡ ਟੀਚਰ ਦਾ ਸਕੇਲ ਮਾਸਟਰ ਕਾਡਰ ਦੇ ਬਰਾਬਰ ਹੋਣਾ ਬਣਦਾ ਹੈ ਅਤੇ ਇਸੇ ਲੜੀ ਵਿੱਚ ਹੈਡ ਟੀਚਰ ਅਤੇ ਈਟੀਟੀ ਟੀਚਰ ਦਾ ਸਕੇਲ ਇੱਕ ਲੈਵਲ ਉਪਰ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧੀ ਸਿੱਖਿਆ ਸਕੱਤਰ ਨੇ ਸਿਧਾਂਤਕ ਤੌਰ ‘ਤੇ ਠੀਕ ਦੱਸਦਿਆਂ ਵਿੱਤ ਵਿਭਾਗ ਕੋਲ ਫਾਈਲ ਬਣਾ ਭੇਜਣ ਦੀ ਗੱਲ ਕਹੀ ਗਈ।
ਪ੍ਰਾਇਮਰੀ ਪੱਧਰ ਦੇ ਕਾਡਰਾਂ ਨੂੰ ਦੂਸਰੇ ਜ਼ਿਲ੍ਹਿਆਂ ਵਿੱਚੋਂ ਬਦਲੀ ਕਰਵਾ ਆਉਣ ਅਤੇ ਔਰਤਾਂ ਨੂੰ ਵਿਆਹ ਤੋਂ ਬਾਅਦ ਬਦਲੀ ਕਰਵਾਉਣ ਤੇ ਇਕ ਵਾਰ ਲਈ ਮੁੱਢਲੀ ਸੀਨੀਅਰਤਾ ਲਾਗੂ ਕਰਨ ਦੀ ਮੰਗ ‘ਤੇ ਅਧਿਕਾਰੀ ਵੱਲੋਂ ਨਾਂਹ-ਪੱਖੀ ਰਵਈਆ ਅਪਣਾਉਂਦੇ ਹੋਏ ਇਸ ਤੋਂ ਇਨਕਾਰ ਕੀਤਾ ਗਿਆ ਪਰ ਆਗੂਆਂ ਨੇ ਆਪਣੀ ਮੰਗ ਨੂੰ ਬਰਕਰਾਰ ਰੱਖਣ ਦੀ ਦ੍ਰਿੜਤਾ ਦਿਖਾਈ। ਇਸ ਤੋਂ ਇਲਾਵਾ 180 ਈ ਟੀ ਟੀ ਅਧਿਆਪਕਾਂ ਦੇ ਪੇ ਸਕੇਲ ਰੀਵਾਈਜ ਕਰਨ, ਵੱਖ ਵੱਖ ਭਰਤੀਆਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਭਰਨ ਅਤੇ ਐਸੋਸ਼ੀਏਟ ਅਧਿਆਪਕਾਂ ਲਈ ਸੇਵਾ ਨਿਯਮ ਬਣਾਉਣ ਕੇ ਸਿਵਲ ਸਰਵਿਸ ਰੂਲਜ਼ ਲਾਗੂ ਕਰਦੀਆਂ ਰੈਗੂਲਰ ਕਰਨ ਵੀ ਮੰਗ ਨੂੰ ਬਾ-ਦਲੀਲ ਰੱਖਿਆ ਗਿਆ ਜਿਹਨਾਂ ‘ਤੇ ਸਿੱਖਿਆ ਸਕੱਤਰ ਵੱਲੋਂ ਹਾਂ ਪੱਖੀ ਹੁੰਗਾਰਾ ਭਰਦੇ ਹੋਏ 2000 ਪੀ ਟੀ ਆਈ ਅਧਿਆਪਕ ਅਤੇ 1950 ਸਪੈਸ਼ਲ ਐਜੂਕੇਟਰ ਦੀ ਭਰਤੀ ਬਾਰੇ ਜਲਦ ਫ਼ੈਸਲਾ ਲੈਣ ਦੀ ਗੱਲ ਕਹੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।