ਸੂਝਵਾਨ ਦੇਸ਼ਵਾਸੀ ਇਸ ਮੁੱਦੇ ‘ਤੇ ਹੋ ਰਹੇ ਜਨੂੰਨੀ ਪ੍ਰਚਾਰ ਖਿਲਾਫ ਦਿਲਜੀਤ ਦੇ ਪੱਖ ਵਿੱਚ ਖੜੇ ਹੋਣ
ਮਾਨਸਾ,30 ਜੂਨ ,ਬੋਲੇ ਪੰਜਾਬ ਬਿਉਰੋ;
ਸੀਪੀਆਈ (ਐਮ ਐਲ) ਲਿਬਰੇਸ਼ਨ ਪੰਜਾਬ ਨੇ ਉੱਘੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਪੱਖ ਵਿੱਚ ਖੜਦਿਆਂ ਉਨ੍ਹਾਂ ਸਾਰੇ ਅਖੌਤੀ ਰਾਸ਼ਟਰਵਾਦੀਆਂ ਤੇ ਹਿੰਦੂਤਵੀ ਅਨਸਰਾਂ ਦੀ ਸਖ਼ਤ ਨਿੰਦਾ ਕੀਤੀ ਹੈ, ਜੋ ਅਪਣੇ ਤੰਗਨਜ਼ਰੀ ਤੇ ਸੌੜੀ ਸੋਚ ਕਾਰਨ ਦਿਲਜੀਤ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਸ ਦਾ ਬਾਈਕਾਟ ਕਰਨ ਦੇ ਹੋਕਰੇ ਮਾਰ ਰਹੇ ਹਨ।
ਲਿਬਰੇਸ਼ਨ ਦੇ ਸੀਨੀਅਰ ਆਗੂਆਂ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਰਾਜਵਿੰਦਰ ਸਿੰਘ ਰਾਣਾ, ਸੁਖਦਰਸ਼ਨ ਸਿੰਘ ਨੱਤ ਅਤੇ ਉੱਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਦਾ ਹੀ ਮੌਕਾਪ੍ਰਸਤ ਤੇ ਸੁਆਰਥੀ ਹੁਕਮਰਾਨ ਸਾਜਿਸ਼ਾਂ, ਹਮਲਿਆਂ ਤੇ ਜੰਗਾਂ ਰਾਹੀਂ ਗੁਆਂਢੀ ਦੇਸ਼ਾਂ ਤੇ ਕੌਮਾਂ ਦਰਮਿਆਨ ਦੁਸ਼ਮਣੀ ਤੇ ਨਫ਼ਰਤ ਦੇ ਬੀਜ ਬੀਜਦੇ ਹਨ, ਪਰ ਸਾਹਿਤ ਕਲਾ ਤੇ ਸੰਗੀਤ ਰਾਹੀਂ ਲੇਖਕ ਕਲਾਕਾਰ ਤੇ ਸੰਗੀਤਕਾਰ ਦੁਨੀਆਂ ਭਰ ਵਿੱਚ ਇਨਸਾਨੀ ਪਿਆਰ ਤੇ ਸਾਂਝ ਨੂੰ ਹੁਲਾਰਾ ਦਿੰਦੇ ਹਨ। ਭਾਰਤ ਤੇ ਪਾਕਿਸਤਾਨ ਸਦੀਆਂ ਤੋਂ ਇਕੋ ਦੇਸ਼ ਰਹੇ ਹੋਣ ਕਾਰਨ ਇੰਨਾਂ ਵਿੱਚ ਸਭਿਆਚਾਰ, ਕਲਾ ਤੇ ਸੰਗੀਤ ਦੀ ਬੜੀ ਡੂੰਘੀ ਸਾਂਝ ਹੈ। ਇੰਨਾਂ ਵਿਚ ਕਈ ਵਾਰ ਜੰਗਾਂ ਤੇ ਸਮਝੌਤੇ ਹੋਏ ਹਨ, ਪਰ ਸਧਾਰਨ ਜਨਤਾ ਵਿੱਚ ਪਿਆਰ ਤੇ ਸਾਂਝ ਵਿੱਚ ਕੋਈ ਕਮੀ ਨਹੀਂ ਆਈ। ਨਾ ਦਿਲਜੀਤ ਨੇ ਪਹਿਲਗਾਮ ਕਾਂਡ ਤੇ ਜੰਗੀ ਝੜਪ ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਕਲਾਕਾਰਾਂ ਦੀ ਸ਼ਮੂਲੀਅਤ ਵਾਲੀ ਫਿਲਮ ਬਣਾ ਕੇ ਕੋਈ ਗੁਨਾਹ ਕੀਤਾ ਹੈ ਅਤੇ ਨਾ ਭਵਿੱਖ ਵਿੱਚ ਅਜਿਹੇ ਸਾਂਝੇ ਕਲਾਤਮਿਕ ਉੱਦਮਾਂ ਉਤੇ ਕੋਈ ਰੋਕ ਲੱਗ ਸਕਦੀ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਇਕੋ ਪੰਜਾਬੀ ਕੌਮ ਵਸਦੀ ਹੈ, ਇਸ ਲਈ ਦੋਵੇਂ ਦੇਸ਼ਾਂ ਵਿਚਾਲੀਆਂ ਫਿਰਕੂ ਕੱਟੜਪੰਥੀ ਤੇ ਭੜਕਾਊ ਦਹਿਸ਼ਤਪਸੰਦ ਤਾਕਤਾਂ ਚਾਹੇ ਲੱਖ ਸਾਜਿਸ਼ਾਂ ਕਰਨ, ਪਰ ਪੰਜਾਬੀਆਂ ਦੇ ਆਪਸੀ ਸਾਂਝ ਤੇ ਪਿਆਰ ਕੋਈ ਖ਼ਤਮ ਨਹੀਂ ਸਕਦਾ। ਬੀਤੇ ਵਿੱਚ ਵੀ ਜੰਗਾਂ ਦੇ ਬਾਵਜੂਦ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ , ਗ੍ਰਹਿ ਮੰਤਰੀ ਅਡਵਾਨੀ ਜਾਂ ਵਰਤਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਜਾਂਦੇ ਤੇ ਉਥੋਂ ਦੀ ਸਰਕਾਰ ਦੀ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣਦੇ ਰਹੇ ਹਨ, ਪਰ ਸੰਘ- ਬੀਜੇਪੀ ਨੂੰ ਉਨ੍ਹਾਂ ਉਤੇ ਕੋਈ ਇਤਰਾਜ਼ ਨਹੀਂ ਹੁੰਦਾ , ਪਰ ਜੇਕਰ ਪੰਜਾਬ ਦੇ ਬੁੱਧੀਜੀਵੀ ਲੇਖਕ ਤੇ ਕਲਾਕਾਰ ਸਾਂਝੇ ਤੌਰ ‘ਤੇ ਕੋਈ ਕਾਨਫਰੰਸ, ਫਿਲਮ ਬਣਾਉਣ ਜਾਂ ਸਿੱਖ ਉਧਰ ਰਹਿ ਗਏ ਅਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਵੀਜ਼ਾ ਮੁਕਤ ਜਾਣ ਆਉਣ ਦੀ ਖੁੱਲ ਮੰਗਣ ; ਤਾਂ ਉਕਤ ਤਾਕਤਾਂ ਦੀ ਨਜ਼ਰ ਵਿੱਚ ਇਹ ਦੇਸ਼ ਧ੍ਰੋਹ ਹੈ! ਇਵੇਂ ਹੀ ਦਿਲਜੀਤ ਜੇਕਰ ਦਿੱਲੀ ਕਿਸਾਨ ਮੋਰਚੇ ਦੀ ਹਿਮਾਇਤ ਕਰੇ ਤਾਂ ਹਿੰਦੂਤਵੀ ਅਨਸਰਾਂ ਦੀ ਨਜ਼ਰ ਵਿਚ ਉਹ ਗ਼ਦਾਰ ਹੈ, ਪਰ ਜੇ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰੇ ਤਾਂ ਦੇਸ਼ਭਗਤ ਹੈ। ਅਸੀਂ ਅਜਿਹੀ ਮਨਮਾਨੀ ਫਤਵੇਬਾਜ਼ੀ ਨੂੰ ਸਖ਼ਤੀ ਨਾਲ ਰੱਦ ਤੇ ਅਪ੍ਰਵਾਨ ਕਰਦੇ ਹਾਂ।
ਦਿਲਜੀਤ ਨੇ ਆਪਣੀ ਕਲਾ ਰਾਹੀਂ ਪੰਜਾਬੀ ਬੋਲੀ ਅਤੇ ਸਿੱਖ ਪਛਾਣ ਨੂੰ ਪੂਰੇ ਸੰਸਾਰ ਵਿੱਚ ਉਭਾਰਿਆ ਹੈ, ਜਿਸ ਕਰਕੇ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਤੇ ਸਿੱਖ ਉਸ ਨੂੰ ਅਪਣਾ ਬ੍ਰਾਂਡ ਅੰਬੈਸਡਰ ਮੰਨਦੇ ਹਨ ਤੇ ਉਸ ਉੱਤੇ ਮਾਣ ਕਰਦੇ ਹਨ, ਪਰ ਹਿੰਦੂਤਵੀ ਤਾਕਤਾਂ ਨੂੰ ਖੁਸ਼ ਕਰਨ ਲਈ ਕੁਝ ਮੁੱਠੀ ਭਰ ਪੰਜਾਬੀ ਕਲਾਕਾਰ ਤੇ ਨਿਰਦੇਸ਼ਕ ਵੀ ਦਿਲਜੀਤ ਦੀ ਨਿੰਦਾ ਕਰ ਰਹੇ ਹਨ, ਸਾਡਾ ਕਹਿਣਾ ਹੈ ਕਿ ਉਹ ਦਿੱਲੀ ਹਕੂਮਤ ਦੀ ਚਮਚਾਗਿਰੀ ਕਰਕੇ ਪ੍ਰਵਾਨ ਚੜ੍ਹਨ ਵਾਲ਼ੀ ਅਪਣੀ ਇਸ ਪਹੁੰਚ ਉਤੇ ਲਾਜ਼ਮੀ ਨਜ਼ਰਸਾਨੀ ਕਰਨ। ਲਿਬਰੇਸ਼ਨ ਨੇ ਇਸ ਮੁੱਦੇ ‘ਤੇ ਸੂਝਵਾਨ ਦੇਸ਼ਵਾਸੀਆਂ – ਖਾਸ ਕਰ ਪੰਜਾਬੀਆਂ ਨੂੰ ਦਿਲਜੀਤ ਦੇ ਪੱਖ ਵਿੱਚ ਖੜ੍ਹਨ ਦੀ ਅਪੀਲ ਕੀਤੀ ਹੈ।












