ਚੱਬੇਵਾਲ, 4 ਜੁਲਾਈ,ਬੋਲੇ ਪੰਜਾਬ ਬਿਊਰੋ;
ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ ‘ਤੇ ਅੱਡਾ ਚਗਰਾ ਵਿਖੇ ਸਥਿਤ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿੱਚ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਜੀਵਨ ਕੁਮਾਰ ਪੁੱਤਰ ਲਸ਼ਕਰੀ ਰਾਮ ਵਾਸੀ ਮਾਲਮਾਜਰਾ ਥਾਣਾ ਚੱਬੇਵਾਲ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਬੀਤੀ ਰਾਤ ਲਗਭਗ 9 ਵਜੇ ਆਪਣੀ ਰਾਣਾ ਕੱਪੜਿਆਂ ਦੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ, ਫਿਰ ਸਵੇਰੇ 5 ਵਜੇ ਦੇ ਕਰੀਬ ਕਿਸੇ ਨੇ ਉਸਨੂੰ ਫੋਨ ‘ਤੇ ਦੱਸਿਆ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਹੈ।
ਉਸ ਨੇ ਦੱਸਿਆ ਕਿ ਮੈਂ ਤੁਰੰਤ ਆਪਣੇ ਪਿੰਡ ਤੋਂ ਦੁਕਾਨ ‘ਤੇ ਪਹੁੰਚਿਆ ਤਾਂ ਦੁਕਾਨ ਦੇ ਅੰਦਰੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ, ਮੈਂ ਤੁਰੰਤ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ। ਉਦੋਂ ਤੱਕ ਦੁਕਾਨ ਦੇ ਅੰਦਰ ਰੱਖਿਆ ਲਗਭਗ 18 ਲੱਖ ਰੁਪਏ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਇਸ ਅੱਗ ਕਾਰਨ ਦੁਕਾਨ ਦੀ ਛੱਤ ਵੀ ਡਿੱਗ ਗਈ। ਦੁਕਾਨ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਥਾਣਾ ਚੱਬੇਵਾਲ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ।












