ਖੰਨਾ, 6 ਜੁਲਾਈ,ਬੋਲੇ ਪੰਜਾਬ ਬਿਊਰੋ;
ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਵਾਲੇ ਪਰਿਵਾਰਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਲਈ ਗਈ ਹੈ। ਮਾਲ ਮਹਿਕਮਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਪਰਿਵਾਰਾਂ ਦੀ ਰਿਹਾਇਸ਼ੀ ਜ਼ਮੀਨ ਲਾਲ ਲਕੀਰ ਦੇ ਅੰਦਰ ਆਉਂਦੀ ਹੈ, ਉਨ੍ਹਾਂ ਨੂੰ ਹੁਣ ਮਾਲਕਾਨਾ ਹੱਕ ਦਿੱਤਾ ਜਾਵੇਗਾ।
ਇਹ ਫੈਸਲਾ ਲੱਖਾਂ ਗਰੀਬ ਤੇ ਮਜਬੂਰ ਪਰਿਵਾਰਾਂ ਲਈ ਨਵੀਂ ਉਮੀਦ ਬਣ ਕੇ ਆਵੇਗਾ, ਜੋ ਕਈ ਦਹਾਕਿਆ ਤੋਂ ਆਪਣੇ ਹੀ ਘਰ ਤੇ ਅਧਿਕਾਰ ਦੀ ਉਡੀਕ ਕਰ ਰਹੇ ਸਨ। ਆਪ ਸਰਕਾਰ ਪਹਿਲੀ ਸਰਕਾਰ ਹੋਵੇਗੀ ਜੋ ਇਹ ਹੱਕ ਦੇਵੇਗੀ।
ਮੰਤਰੀ ਮੁੰਡੀਆਂ ਪਾਇਲ ਵਿਖੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਪਹੁੰਚੇ ਹੋਏ ਸਨ। ਉਥੇ ਉਨ੍ਹਾਂ ਨੇ ਹਲਕੇ ਦੇ ਵਿਕਾਸ ਕੰਮਾਂ ਤੇ ਵਿਚਾਰਾਂ ਦੀਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਨਜ਼ਦੀਕੋਂ ਜਾਣਿਆ। ਉਨ੍ਹਾਂ ਕਿਹਾ ਕਿ ਮਾਲ ਮਹਿਕਮਾ ਅੰਦਰ ਈਜੀ ਰਜਿਸਟਰੀ ਵਰਗੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਬਹੁਤ ਸੁਵਿਧਾ ਮਿਲ ਰਹੀ ਹੈ। ਇਸ ਨਾਲ ਜ਼ਮੀਨ ਦੀ ਰਜਿਸਟਰੀ ਦੀ ਪ੍ਰਕਿਰਿਆ ਆਸਾਨ ਹੋਈ ਹੈ ਅਤੇ ਲੋਕੀ ਘੱਟ ਖਰਚ ਤੇ ਘੱਟ ਸਮੇਂ ਵਿੱਚ ਆਪਣੀ ਜਾਇਦਾਦ ਰਜਿਸਟਰ ਕਰਵਾ ਰਹੇ ਹਨ। ਜਲਦ ਹੀ ਇਹ ਪ੍ਰਕਿਰਿਆ ਪੂਰੇ ਪੰਜਾਬ ਅੰਦਰ ਲਾਗੂ ਹੋਵੇਗੀ।
ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮਾਨ ਸਰਕਾਰ ਲੋਕ-ਕੇਂਦਰਤ ਨੀਤੀਆਂ ‘ਤੇ ਕੰਮ ਕਰ ਰਹੀ ਹੈ। ਹਰੇਕ ਵਰਗ ਦੀ ਭਲਾਈ ਲਈ ਯਤਨ ਕੀਤੇ ਜਾ ਰਹੇ ਹਨ, ਖਾਸ ਕਰਕੇ ਪਿੰਡਾਂ ਦੇ ਆਮ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਆਤਮਨਿਰਭਰ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।












