ਦੋਸ਼ੀਆਂ ਤੇ ਜਲਦ ਕਾਰਵਾਈ ਨਾ ਹੋਈ ਤਾਂ ਸਾਰੀਆਂ ਸਮਾਜਿਕ, ਧਾਰਮਿਕ ਅਤੇ ਰਾਜਸੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਕਰਾਂਗੇ ਡੀਸੀ ਪਟਿਆਲੇ ਦਾ ਘਿਰਾਓ: ਕੁੰਭੜਾ
ਐਸੀ ਕਮਿਸ਼ਨ ਦੇ ਚੇਅਰਮੈਨ ਨੂੰ ਆਪਣੇ ਸਮਾਜ ਦੀ ਨਹੀਂ ਕੋਈ ਪ੍ਰਵਾਹ, ਸਿਰਫ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਨਾਲ ਨਹੀਂ ਹੋਣੀਆਂ ਸਮਾਜ ਦੀਆਂ ਮੁਸ਼ਕਿਲਾਂ ਹੱਲ: ਅਜੈਬ ਬਿਠੋਈ
ਮੋਹਾਲੀ, 10 ਜੁਲਾਈ ,ਬੋਲੇ ਪੰਜਾਬ ਬਿਊਰੋ:
ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ‘ਰਿਜ਼ਰਵੇਸ਼ਨ ਚੋਰ ਫੜੋ ਮੋਰਚੇ’ ਤੇ ਅੱਜ ਪਿੰਡ ਬਠੋਈ ਜ਼ਿਲਾ ਪਟਿਆਲਾ ਦੇ ਐਸਸੀ ਸਮਾਜ ਦੇ ਪੀੜਿਤ ਪਿੰਡਵਾਸੀ ਮੋਰਚੇ ਦੇ ਸੀਨੀਅਰ ਆਗੂ ਤੇ ਨਰੇਗਾ ਵਰਕਰ ਫਰੰਟ ਪੰਜਾਬ ਦੇ ਪ੍ਰਧਾਨ ਅਜੈਬ ਸਿੰਘ ਬਠੋਈ ਦੀ ਅਗਵਾਈ ਵਿੱਚ ਪਹੁੰਚੇ। ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਤੇ ਮੋਰਚੇ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਕਾਹਲੋਂ ਰਾਸ਼ਟਰੀ ਪ੍ਰਧਾਨ ਨਰੇਗਾ ਵਰਕਰ ਫਰੰਟ ਇੰਡੀਆ, ਮੋਰਚੇ ਦੇ ਜਨਰਲ ਸੈਕਟਰੀ ਮਾਸਟਰ ਬਨਵਾਰੀ ਲਾਲ, ਚੀਫ ਐਡਵਾਈਜ਼ਰ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ ਅਤੇ ਮਨਜੀਤ ਸਿੰਘ ਮੇਵਾ ਆਦਿ ਨਾਲ ਆਪਣੇ ਪਿੰਡ ਵਿੱਚ ਐਸ ਸੀ ਸਮਾਜ ਦੇ ਲੋਕਾਂ ਤੇ ਹੋਏ ਅੱਤਿਆਚਾਰ ਦੀ ਵਿਥਿਆ ਸੁਣਾਉਂਦੇ ਹੋਏ ਇਸ ਧੱਕੇਸ਼ਾਹੀ ਵਿਰੁੱਧ ਸਾਥ ਦੇਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਸਮੂਹ ਇਲਾਕਾ ਨਿਵਾਸੀਆਂ ਤੇ ਪਿੰਡ ਵਾਸੀਆਂ ਨੇ ਪਟਿਆਲਾ ਵਿੱਚ ਇਸ ਬਾਰੇ ਵੱਡਾ ਇਕੱਠ ਕਰਕੇ ਧਰਨਾ ਵੀ ਲਗਾਇਆ ਸੀ ਤੇ ਹੁਣ ਨਿਰੰਤਰ ਪਿੰਡ ਬਠੋਈ ਦੀ ਧਰਮਸ਼ਾਲਾ ਵਿੱਚ ਧਰਨਾ ਚੱਲ ਰਿਹਾ ਹੈ। ਪਰ ਪ੍ਰਸ਼ਾਸਨ ਅਤੇ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਪਿੰਡ ਦੇ ਜਨਰਲ ਸਮਾਜ ਦੇ ਲੋਕਾਂ ਦੀ ਕਿਸਾਨ ਜਥੇਬੰਦੀਆਂ ਵੀ ਮਦਦ ਕਰ ਰਹੀਆਂ ਹਨ, ਜਿਨਾਂ ਨੇ ਦਲਿਤ ਸਮਾਜ ਦੇ ਲੋਕਾਂ ਦੀ ਕੁੱਟਮਾਰ ਕੀਤੀ ਹੈ, ਉਹਨਾਂ ਦੀ ਰਾਜਸੀ ਪਹੁੰਚ ਹੋਣ ਕਰਕੇ ਪ੍ਰਸ਼ਾਸਨ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਅਖੀਰ ਅੱਜ ਅਸੀਂ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਤੇ ਸਾਨੂੰ ਇਨਸਾਫ ਹੋਣ ਦੀ ਪੂਰੀ ਆਸ ਹੈ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਪੰਜਾਬ ਅੰਦਰ ਆਏ ਦਿਨ ਐਸੀ ਸਮਾਜ ਤੇ ਹੋ ਰਹੇ ਅੱਤਿਆਚਾਰ ਦੀਆਂ ਘਟਨਾਵਾਂ ਦਿਨੋ ਦਿਨ ਵੱਧ ਰਹੀਆਂ ਹਨ। ਪਰ ਪੰਜਾਬ ਸਰਕਾਰ ਦੋਸ਼ੀਆਂ ਤੇ ਕੋਈ ਪੁਖਤਾ ਕਾਰਵਾਈ ਨਹੀਂ ਕਰਦੀ। ਸਾਡੇ ਸਮਾਜ ਨੂੰ ਸਿਰਫ ਵੋਟ ਬੈਂਕ ਵਜੋਂ ਵਰਤਿਆ ਜਾਂਦਾ ਹੈ। ਪਰ ਸਾਡੇ ਹੱਕਾਂ ਤੇ ਆਏ ਦਿਨ ਧਨਾਢ ਲੋਕ ਡਾਕੇ ਮਾਰਦੇ ਰਹਿੰਦੇ ਹਨ। ਪਿੰਡ ਬਠੋਈ ਦੇ ਲੋਕਾਂ ਨੇ ਕੋਈ ਨਜਾਇਜ ਮੰਗ ਨਹੀਂ ਕੀਤੀ, ਸਿਰਫ ਆਪਣਾ ਇੱਕ ਵਟਾ ਤਿੰਨ ਹਿੱਸੇ ਦਾ ਹੱਕ ਮੰਗਿਆ ਹੈ। ਜੋ ਇਹ ਜਨਰਲ ਜਾਤੀ ਦੇ ਲੋਕ ਡਰਾ ਧਮਕਾ ਕੇ ਜਾਂ ਆਪਣੇ ਰਾਜਸੀ ਦਵਾਅ ਨਾਲ ਹਥਿਆਉਣਾ ਚਾਹੁੰਦੇ ਹਨ। ਮੋਰਚਾ ਅਜਿਹਾ ਨਹੀਂ ਹੋਣ ਦੇਵੇਗਾ ਤੇ ਇਸ ਐਸੀ ਪਰਿਵਾਰਾਂ ਨਾਲ ਡੱਟ ਕੇ ਖੜਾ ਹੈ। ਜੇਕਰ ਪਟਿਆਲਾ ਜਿਲੇ ਦਾ ਪ੍ਰਸ਼ਾਸਨ ਦੋਸ਼ੀ ਵਿਅਕਤੀਆਂ ਤੇ ਕਾਰਵਾਈ ਨਹੀਂ ਕਰਦਾ ਤਾਂ ਬਹੁਤ ਜਲਦ ਸਮੂਹ ਜਥੇਬੰਦੀਆਂ ਨੂੰ ਨਾਲ ਲੈਕੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਪ੍ਰੈਸ ਦੇ ਪ੍ਰਸ਼ਨਾਂ ਦਾ ਜਵਾਬ ਦਿੰਦੇ ਅਜੈਬ ਸਿੰਘ ਬਠੋਈ ਨੇ ਕਿਹਾ ਕਿ ਅਸੀਂ ਆਪਣੇ ਹੱਕ ਲੈਣਾ ਜਾਣਦੇ ਹਾਂ ਤੇ ਅਸੀਂ ਆਪਣੇ ਸਮਾਜ ਨਾਲ ਕੋਈ ਧੱਕਾ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ। ਸਾਨੂੰ ਬਹੁਤ ਦੁੱਖ ਹੈ ਕਿ ਜਿਸ ਐਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਸਾਡੇ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸੀਟ ਸੰਭਾਲੀ ਹੈ। ਉਹਨਾਂ ਨੇ ਅੱਜ ਤੱਕ ਸਾਡੇ ਨਾਲ ਰਾਬਤਾ ਕਾਇਮ ਨਹੀਂ ਕੀਤਾ। ਕੀ ਉਹਨਾਂ ਤੱਕ ਅਜਿਹੀਆਂ ਘਟਨਾਵਾਂ ਦੀਆਂ ਖਬਰਾਂ ਨਹੀਂ ਪਹੁੰਚਦੀਆਂ ਜਾਂ ਉਹ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਤੇ ਆਪਣੇ ਅਹੁਦੇ ਦਾ ਆਨੰਦ ਮਾਣ ਰਹੇ ਹਨ। ਉਹਨਾਂ ਕਿਹਾ ਕਿ ਸਮਾਜ ਉਸ ਵਿਧਾਇਕ ਆਗੂ ਜਾਂ ਚੇਅਰਮੈਨ ਨੂੰ ਕਦੀ ਬਰਦਾਸ਼ਤ ਨਹੀਂ ਕਰੇਗਾ ਜੋ ਸਮਾਜ ਦੇ ਨਾਂ ਤੇ ਰੋਟੀਆਂ ਸੇਕ ਰਹੇ ਹਨ। ਇਹ ਕੁਰਸੀ ਇਸ ਸਮਾਜ ਕਾਰਨ ਉਹਨਾਂ ਨੂੰ ਮਿਲੀ ਹੈ ਨਾ ਕਿ ਅਰਵਿੰਦ ਕੇਜਰੀਵਾਲ ਦੇ ਕਾਰਨ, ਇਸ ਲਈ ਸਮਾਜ ਨੂੰ ਪਹਿਲ ਦੇ ਆਧਾਰ ਤੇ ਲੈਣਾ ਚਾਹੀਦਾ ਹੈ।
ਉਪਰੋਕਤ ਆਗੂਆਂ ਤੋਂ ਇਲਾਵਾ ਰੇਸ਼ਮ ਸਿੰਘ ਕਾਹਲੋ ਅਤੇ ਮਾਸਟਰ ਬਨਵਾਰੀ ਲਾਲ ਨੇ ਵੀ ਸੰਬੋਧਨ ਕੀਤਾ ਤੇ ਐਸੀ ਕਮਿਸ਼ਨ ਦੇ ਚੇਅਰਮੈਨ ਨਾਲ ਨਰਾਜ਼ਗੀ ਜਤਾਉਂਦੇ ਕਿਹਾ ਕਿ ਪਿੰਡ ਬਠੋਈ ਵਿੱਚ ਹੋਈ ਘਟਨਾ ਦੀ ਅਸੀਂ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਐਸੀ ਕਮਿਸ਼ਨ ਨੂੰ ਸਰਕਾਰ ਖਤਮ ਕਰੇ ਕਿਉਂਕਿ ਇਹ ਐਸੀ ਕਮਿਸ਼ਨ ਭਾਵੇਂ ਉਹ ਨੈਸ਼ਨਲ ਹੋਵੇ ਜਾਂ ਰਾਜ ਪੱਧਰੀ ਹੋਣ ਸਿਰਫ ਤੇ ਸਿਰਫ ਚਿੱਟੇ ਹਾਥੀ ਸਾਬਤ ਹੋ ਰਹੇ ਹਨ
ਆਏ ਸਮੂਹ ਪਿੰਡ ਵਾਸੀਆਂ ਤੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਐਸੀ ਕਮਿਸ਼ਨ ਦੇ ਚੇਅਰਮੈਨ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸਤਿਗੁਰ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਬਠੋਈ, ਕੁੱਲਸ਼ੇਤਰ ਦਾਸ, ਲਾਲ ਸਿੰਘ ਪ੍ਰਧਾਨ, ਨਾਇਬ ਸਿੰਘ ਪੰਚ, ਬਲਕਾਰ ਸਿੰਘ ਪੰਚ, ਮੁਖਤਿਆਰ ਸਿੰਘ ਨੰਬਰਦਾਰ, ਮੱਖਣ ਸਿੰਘ, ਸਨੀ ਸਿੰਘ, ਗੁਰਮੇਲ ਸਿੰਘ, ਵਿੰਦਰ ਸਿੰਘ, ਸੁੱਚਾ ਸਿੰਘ ਬਠੋਈ, ਰਿੰਕੂ ਚੌਹਾਨ, ਜਰਨੈਲ ਸਿੰਘ, ਕਾਕਾ ਸਿੰਘ ਆਦਿ ਹਾਜ਼ਰ ਹੋਏ।












