ਲੁਧਿਆਣਾ, 10 ਜੁਲਾਈ ,ਬੋਲੇ ਪੰਜਾਬ ਬਿਊਰੋ;
ਭਾਰਤੀ ਜਨਤਾ ਪਾਰਟੀ ਦੇ ਵਰਿਸ਼ਠ ਸਿੱਖ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਪਾਕਿਸਤਾਨ ਅਤੇ ਉਸ ਦੀ ਖੁਫੀਆ ਏਜੰਸੀ ISI ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ਉਨ੍ਹਾਂ ਦੋਹਾਂ ‘ਤੇ ਸਿੱਖਾਂ ਦੇ ਖਿਲਾਫ ਗੰਦੀ ਅਤੇ ਜ਼ਹਿਰੀਲੀ ਪ੍ਰਚਾਰ ਜੰਗ ਚਲਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਸਦਾ ਮਕਸਦ ਪੂਰੀ ਦੁਨੀਆਂ ਵਿੱਚ ਸਿੱਖ ਭਾਈਚਾਰੇ ਨੂੰ ਬਦਨਾਮ ਕਰਨਾ ਅਤੇ ਭਾਰਤ-ਪਾਕਿਸਤਾਨ ਵਿਚਕਾਰ ਧਾਰਮਿਕ ਤਣਾਅ ਨੂੰ ਭੜਕਾਉਣਾ ਹੈ।
ਗਰੇਵਾਲ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਤੋਂ ਹੀ ਸਿੱਖਾਂ ਪ੍ਰਤੀ ਰੰਜਿਸ਼ ਰੱਖਦਾ ਆਇਆ ਹੈ। ਜਦੋਂ ਵੀ ਉਸ ਨੇ ਭਾਰਤ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੂੰ ਸਿੱਖ ਸੈਨਿਕਾਂ ਦੀ ਬੇਮਿਸਾਲ ਬਹਾਦਰੀ ਅੱਗੇ ਗੋਡੇ ਟੇਕਣੇ ਪਏ। ਇਹ ਅਪਮਾਨ ਅੱਜ ਵੀ ਉਸਨੂੰ ਚੁੱਭ ਰਿਹਾ ਹੈ। ਇਸੇ ਬਦਲੇ ਦੀ ਭਾਵਨਾ ‘ਚ 1980 ਦੇ ਦਹਾਕੇ ਤੋਂ ਉਨ੍ਹਾਂ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਉਸਨੇ ਕਦੇ ਅੱਤਵਾਦ ਰਾਹੀਂ, ਕਦੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧੱਕ ਕੇ, ਤੇ ਹੁਣ ਗੰਦੇ ਆਨਲਾਈਨ ਪ੍ਰਚਾਰ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਜਦ ਪਾਕਿਸਤਾਨ ਦੀਆਂ ਅੱਤਵਾਦੀ ਸਾਜਿਸ਼ਾਂ ਨਾਕਾਮ ਹੋ ਗਈਆਂ, ਤਾਂ ISI ਨੇ ਵਿਦੇਸ਼ਾਂ ਵਿੱਚ ਵੱਸਦੇ ਕੁੱਝ ਸਿੱਖਾਂ ਨੂੰ ਲਾਲਚ ਅਤੇ ਝੂਠੇ ਵਾਅਦਿਆਂ ਰਾਹੀਂ ਖਾਲਿਸਤਾਨੀ ਏਜੰਡੇ ਵੱਲ ਧੱਕਣਾ ਸ਼ੁਰੂ ਕਰ ਦਿੱਤਾ। ਹੁਣ ਸੋਸ਼ਲ ਮੀਡੀਆ ‘ਤੇ ਘਿਨੌਣੇ ਵੀਡੀਓ ਵਾਇਰਲ ਹੋ ਰਹੇ ਹਨ। ਜਿਨ੍ਹਾਂ ਵਿੱਚ ਨਸ਼ੇ ਦੀ ਹਾਲਤ ਵਿੱਚ ਗੈਰ-ਸਿੱਖਾਂ ਨੂੰ ਪੱਗ ਤੇ ਕਿਰਪਾਨ ਪਾਈ ਹੋਈ ਦਿਖਾਇਆ ਜਾ ਰਿਹਾ ਹੈ। ਇਹ ਸਿੱਖ ਧਰਮ ਦੇ ਪਵਿੱਤਰ ਅਸੂਲਾਂ ਦਾ ਘੋਰ ਉਲੰਘਣ ਹੈ। ਇਹ ਦ੍ਰਿਸ਼ ਸ਼ਾਇਦ ਕਿਸੇ ਪਾਕਿਸਤਾਨੀ ਫਿਲਮ ਦੇ ਵੀ ਹੋ ਸਕਦੇ ਹਨ। ਪਰ ਉਨ੍ਹਾਂ ਨੂੰ ਅਸਲੀ ਦੱਸ ਕੇ ਸਿੱਖਾਂ ਪ੍ਰਤੀ ਦੁਨੀਆ ਭਰ ਵਿੱਚ ਨਫ਼ਰਤ ਫੈਲਾਈ ਜਾ ਰਹੀ ਹੈ।
ਗਰੇਵਾਲ ਨੇ ਸਵਾਲ ਉਠਾਇਆ ਕਿ ਹੁਣ ਗੁਰਪਤਵੰਤ ਸਿੰਘ ਪੰਨੂੰ ਚੁੱਪ ਕਿਉਂ ਹੈ? ਜੋ ਖਾਲਿਸਤਾਨੀ ਆਪਣੇ ਆਪ ਨੂੰ ਸਿੱਖਾਂ ਦੇ ਰੱਖਵਾਲੇ ਦੱਸਦੇ ਹਨ, ਹੁਣ ਪਾਕਿਸਤਾਨ ਵੱਲੋਂ ਸਿੱਖ ਚਿੰਨਾਂ ਦੀ ਬੇਇੱਜ਼ਤੀ ਹੋ ਰਹੀ ਹੈ ਤਾਂ ਚੁੱਪ ਕਿਉਂ ਬੈਠੇ ਹਨ? ਕੀ ਇਸ ਲਈ ਕਿ ਇਸਦੇ ਪਿੱਛੇ ISI ਏਜੰਸੀ ਹੈ ਜੋ ਉਨ੍ਹਾਂ ਦੇ ਅੰਦੋਲਨ ਨੂੰ ਫੰਡ ਕਰਦੀ ਹੈ? ਉਨ੍ਹਾਂ ਨੇ ਪੰਨੂੰ ਨੂੰ ਕਿਹਾ ਕਿ ਹੁਣ ਤੇਰੀ ਚੁੱਪੀ ਸਾਬਤ ਕਰਦੀ ਹੈ ਕਿ ਤੂੰ ਸਿੱਖ ਨਹੀਂ, ISI ਦੀ ਕੱਠਪੁਤਲੀ ਹੈ।
ਗਰੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਸਿੱਖ ਬਿਨਾਂ ਅੰਮ੍ਰਿਤ ਛਕੇ ਕਿਰਪਾਨ ਨਹੀਂ ਪਾ ਸਕਦਾ। ਜਿਸਨੇ ਅੰਮ੍ਰਿਤ ਛਕਿਆ ਹੋਵੇ, ਉਹ ਨਸ਼ੇ ਨੂੰ ਛੂਹ ਵੀ ਨਹੀਂ ਸਕਦਾ। ਇਹ ਵੀਡੀਓ ਸਿਰਫ ਅਪਮਾਨ ਨਹੀਂ ਹਨ, ਇਹ ਜਾਣਬੁੱਝ ਕੇ ਕੀਤੇ ਗਏ ਧਾਰਮਿਕ ਅਪਰਾਧ ਹਨ। ਇਨ੍ਹਾਂ ਦਾ ਮਕਸਦ ਸਿੱਖਾਂ ਨੂੰ ਭੜਕਾਉਣਾ ਅਤੇ ਭਾਈਚਾਰੇ ਨੂੰ ਵੰਡਣਾ ਹੈ।
ਇਹ ਬੋਲਣ ਦੀ ਆਜ਼ਾਦੀ ਨਹੀਂ, ਸਿੱਖਾਂ ਦੀ ਅਸਥਾ ‘ਤੇ ਥੂ-ਥੂਹੈ।
ਉਨ੍ਹਾਂ ਨੇ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਜਾਣ-ਬੁਝ ਕੇ ਠੇਸ ਪਹੁੰਚਾਉਣ ਵਾਲੀਆਂ ਐਸੀਆਂ ਸਾਜਿਸ਼ਾਂ ਨੂੰ ਕਦੇ ਮਾਫ਼ ਨਹੀਂ ਕੀਤਾ ਜਾਵੇਗਾ। ਇਸਦੇ ਪਿੱਛੇ ਜੋ ਲੋਕ ਹਨ, ਉਨ੍ਹਾਂ ਨੂੰ ਕੜੀ ਸਜ਼ਾ ਮਿਲਣੀ ਚਾਹੀਦੀ ਹੈ। ਪਾਕਿਸਤਾਨ ਹੁਣ ਅੱਤਵਾਦ ਦੀ ਫੈਕਟਰੀ ਬਣ ਚੁੱਕਾ ਹੈ। ਪਾਕਿਸਤਾਨ ਮਜ਼ਹਬੀ ਨਫ਼ਰਤ ਦੀ ਮਸ਼ੀਨ ਬਣ ਗਿਆ ਹੈ। ਉਸਨੂੰ ਭਾਰਤ ਜਾਂ ਦੁਨੀਆ ਨੂੰ ਮਾਨਵ ਅਧਿਕਾਰ ਜਾਂ ਘੱਟ ਗਿਣਤੀਆਂ ‘ਤੇ ਉਪਦੇਸ਼ ਦੇਣ ਦਾ ਕੋਈ ਹੱਕ ਨਹੀਂ।
ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਸਲੇ ‘ਤੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖੇ ਹਨ ਅਤੇ ਟਵਿੱਟਰ ‘ਤੇ ਵੀ ਟਵੀਟ ਕੀਤੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਪਾਕਿਸਤਾਨ ਵਿਰੁੱਧ ਸੰਯੁਕਤ ਰਾਸ਼ਟਰ ਵਿੱਚ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇ,
ਤਾਂ ਜੋ ਭਵਿੱਖ ਵਿੱਚ ਸਿੱਖ ਧਾਰਮਿਕ ਭਾਵਨਾਵਾਂ ਨੂੰ ਕੋਈ ਠੇਸ ਨਾ ਪਹੁੰਚਾ ਸਕੇ ਅਤੇ ਇਨ੍ਹਾਂ ਗੰਦੇ ਖੇਡਾਂ ਨੂੰ ਸਦਾ ਲਈ ਬੰਦ ਕੀਤਾ ਜਾ ਸਕੇ।
ਗਰੇਵਾਲ ਨੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਵੱਲੋਂ ਫੈਲਾਏ ਗਏ ਇਸ ਸਿੱਖ ਵਿਰੋਧੀ ਜ਼ਹਿਰ ਦੀ ਤੁਰੰਤ ਵਿਸ਼ਵ ਪੱਧਰੀ ਨਿੰਦਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਵਿੱਚ ਉਠਾਓ।












