ਰੋਟਰੈਕਟਰ ਅਤੇ ਇੰਟਰੈਕਟਰ ਵੱਲੋਂ ਪੌਦੇ ਲਗਾ ਕੇ ਮਾਂ ਪ੍ਰਤੀ ਸਨਮਾਨ ਦਾ ਪ੍ਰਗਟਾਵਾ:
ਰਾਜਪੁਰਾ, 11 ਜੁਲਾਈ ,ਬੋਲੇ ਪੰਜਾਬ ਬਿਊਰੋ;
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਦੇ ਤਹਿਤ ਡਾ: ਰਵਿੰਦਰਪਾਲ ਸ਼ਰਮਾ ਜੀ ਡਿਪਟੀ ਡੀਈਓ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ‘ਏਕ ਪੇਡ ਮਾਂ ਕੇ ਨਾਮ’ ਮੁਹਿੰਮ ਤਹਿਤ ਵਾਤਾਵਰਣ ਸੁਰੱਖਿਆ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਸਨਮੁੱਖ ਰੱਖਦਿਆਂ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਤਹਿਤ ਰੋਟਰੈਕਟ ਕਲੱਬ ਰਾਜਪੁਰਾ ਅਤੇ ਇੰਟਰੈਕਟ ਕਲੱਬ ਰਾਜਪੁਰਾ ਦੇ ਨੌਜਵਾਨ ਮੈਂਬਰਾਂ ਨੇ ਸਰਕਾਰੀ ਹਾਈ ਸਕੂਲ ਦੇ 100 ਵਿਦਿਆਰਥੀਆਂ ਨੂੰ 100 ਛਾਂਦਾਰ ਅਤੇ ਫਲਦਾਰ ਪੌਦੇ ਸਹਿਯੋਗ ਦੇ ਰੂਪ ਵਿੱਚ ਦਿੱਤੇ। ਸਕੂਲ ਦੇ ਲਗਭਗ 250 ਵਿਦਿਆਰਥੀਆਂ ਨੇ ਸਕੂਲ ਕੈਂਪਸ, ਆਪਣੇ ਘਰਾਂ ਅਤੇ ਨਜਦੀਕੀ ਸਰਵਜਨਕ ਸਥਾਨਾਂ ਉੱਤੇ ਪੌਦੇ ਲਗਾ ਕੇ ਆਪਣੇ ਮਾਤਾ-ਪਿਤਾ, ਖਾਸ ਕਰਕੇ ਮਾਤਾਵਾਂ ਪ੍ਰਤੀ ਸਨਮਾਨ ਅਤੇ ਭਾਵਨਾਤਮਕ ਸਨੇਹ ਦਾ ਪ੍ਰਗਟਾਵਾ ਕੀਤਾ।
ਸਕੂਲ ਦੀ ਹੈੱਡ ਮਿਸਟ੍ਰੈਸ ਸ੍ਰੀਮਤੀ ਸੁਧਾ ਕੁਮਾਰੀ ਨੇ ਰੋਟਰੈਕਟਰ ਰਾਜੀਵ ਪ੍ਰੇਮੀ ਅਤੇ ਟੀਮ ਦਾ ਧੰਨਵਾਦ ਅਤੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੇਵਲ ਵਾਤਾਵਰਣ ਦੀ ਸੰਭਾਲ ਲਈ ਨਹੀਂ, ਸਗੋਂ ਵਿਦਿਆਰਥੀਆਂ ਦੇ ਮਨ ਵਿਚ ਮਾਂ ਅਤੇ ਮਿੱਟੀ ਲਈ ਸੰਵੇਦਨਸ਼ੀਲਤਾ ਵਧਾਉਣ ਵਾਲਾ ਉੱਦਮ ਹੈ।
ਰੋਟਰੈਕਟਰ ਰਾਜੀਵ ਪ੍ਰੇਮੀ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਦੇ ਕੈਂਪਸ ਦੀ ਹਰਿਆਵਲ ਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ। ਰੋਟਰੈਕਟ ਅਤੇ ਇੰਟਰੈਕਟ ਮੈਂਬਰ ਨਿਰੰਤਰ ਵਾਤਾਵਰਨ ਸੁਰੱਖਿਆ ਲਈ ਕਾਰਜ ਕਰ ਰਹੇ ਹਨ ਅਤੇ ਹਰ ਸਾਲ ਸਕੂਲਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਪੌਦੇ ਲਗਾਉਂਦੇ ਹਨ।
ਸਾਇੰਸ ਮਿਸਟ੍ਰੈਸ ਜਸਵਿੰਦਰ ਕੌਰ ਨੇ ਕਿਹਾ ਕਿ ਇਹ ਪ੍ਰੋਗਰਾਮ ਮਾਤਾ ਧਰਤੀ ਅਤੇ ਜੀਵਨ ਦਾਤੀ ਮਾਂ ਪ੍ਰਤੀ ਸਨਮਾਨਤ ਭਾਵਨਾ ਨੂੰ ਸਮਰਪਿਤ ਸੀ। ਵਿਦਿਆਰਥੀਆਂ ਨੇ ਆਪਣੀ ਮਾਂ ਦੇ ਨਾਮ ’ਤੇ ਪੌਦੇ ਲਗਾ ਕੇ ਪਰਿਵਾਰ ਦਾ ਮਾਣ ਵਧਾਇਆ ਅਤੇ ਹਰ ਪੌਦੇ ਨਾਲ ਇੱਕ ਸੰਕਲਪ ਸਤਰ ਲਿਖੀ, ਜਿਸ ਰਾਹੀਂ ਉਹਨਾਂ ਨੇ ਉਸ ਪੌਦੇ ਦੀ ਸੰਭਾਲ ਦੀ ਜ਼ਿੰਮੇਵਾਰੀ ਲੈਣ ਦਾ ਵਾਅਦਾ ਕੀਤਾ।
ਸਮਾਜਿਕ ਸਿੱਖਿਆ ਅਧਿਆਪਕ ਅਤੇ ਸਕਾਊਟ ਮਾਸਟਰ ਰਾਜਿੰਦਰ ਸਿੰਘ ਚਾਨੀ ਨੇ ਕਿਹਾ ਕਿ ਇਹ ਮੁਹਿੰਮ ਨਵੇਂ ਭਵਿੱਖ ਦੀ ਬੁਨਿਆਦ ਰੱਖ ਰਹੀ ਹੈ। ਜਦੋਂ ਬੱਚੇ ਆਪਣੀ ਮਾਂ ਦੇ ਨਾਮ ‘ਤੇ ਪੌਦੇ ਲਗਾਉਂਦੇ ਹਨ ਤਾਂ ਉਹ ਹਰੇ-ਭਰੇ ਭਵਿੱਖ ਦੀ ਨੀਂਹ ਰੱਖਦੇ ਹਨ ਅਤੇ ਇਸ ਨਾਲ ਰਿਸ਼ਤਿਆਂ ਨੂੰ ਵੀ ਮਜ਼ਬੂਤੀ ਮਿਲਦੀ ਹਨ।
ਇਸ ਅਵਸਰ ‘ਤੇ ਸਕੂਲ ਦੇ ਅਧਿਆਪਕਾਂ ਮੀਨਾ ਰਾਣੀ ਹਿੰਦੀ ਮਿਸਟ੍ਰੈਸ, ਗੁਲਜ਼ਾਰ ਖਾਂ ਡੀਪੀਈ, ਨਰੇਸ਼ ਧਮੀਜਾ ਕੰਪਿਊਟਰ ਫੈਕਲਿਟੀ, ਅਮਨਦੀਪ ਕੌਰ ਪੰਜਾਬੀ ਮਿਸਟ੍ਰੈਸ, ਸੀ ਏ ਤਰੁਨ ਮੋਂਗੀਆ, ਵਰੁਣ ਗੁਡਵਾਨੀ, ਪਰਮੇਸ਼ ਵਰਮਾ, ਹਿਤੇਸ਼ ਕੁਮਾਰ, ਰੇਹਾਨ ਅਰੋੜਾ, ਸਟਾਫ ਮੈਂਬਰਾਂ ਅਤੇ ਮਾਪਿਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ ਅਤੇ ਬੱਚਿਆਂ ਨੂੰ ਉਤਸ਼ਾਹਤ ਕਰਦਿਆਂ ਉਹਨਾਂ ਦੇ ਨਾਲ ਪੌਦੇ ਲਗਾਏ। ਇਹ ਮੁਹਿੰਮ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ, ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਪਰਿਵਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਵੱਲ ਇਕ ਵਧੀਆ ਕਦਮ ਸਾਬਤ ਹੋਈ।












