ਲਾਹੌਰ, 18 ਜੁਲਾਈ,ਬੋਲੇ ਪੰਜਾਬ ਬਿਊਰੋ;
ਪਾਕਿਸਤਾਨ ਦੇ ਪੰਜਾਬ ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਆਏ ਹੜ੍ਹ ਨੇ ਵਿਨਾਸ਼ਕਾਰੀ ਹਾਲਾਤ ਪੈਦਾ ਕਰ ਦਿੱਤੇ ਹਨ। ਇਸ ਦੌਰਾਨ 63 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੂਬੇ ਵਿੱਚ ਐਮਰਜੈਂਸੀ ਘੋਸ਼ਿਤ ਕਰਨੀ ਪਈ ਹੈ।
ਇਹ ਕਹਿਰ ਸਿਰਫ ਇੱਥੇ ਹੀ ਨਹੀਂ ਰੁਕਿਆ 300 ਤੋਂ ਵੱਧ ਲੋਕ ਹੜ੍ਹ ਕਾਰਨ ਜ਼ਖਮੀ ਹੋਏ ਹਨ। ਹੁਣ ਤੱਕ ਮਰਨ ਵਾਲਿਆਂ ਦੀ ਕੁੱਲ ਗਿਣਤੀ 124 ਤੱਕ ਪਹੁੰਚ ਗਈ ਹੈ। ਲਾਹੌਰ, ਫੈਸਲਾਬਾਦ, ਓਕਾਰਾ, ਸਾਹੀਵਾਲ, ਪਾਕਪਟਨ ਅਤੇ ਚੱਕਵਾਲ ਵੱਡੇ ਪ੍ਰਭਾਵਿਤ ਇਲਾਕੇ ਸਾਬਤ ਹੋਏ ਹਨ। ਇਨ੍ਹਾਂ ਇਲਾਕਿਆਂ ਵਿੱਚ 125 ਤੋਂ ਵੱਧ ਮਕਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਚੱਕਵਾਲ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਰਿਹਾ, ਜਿੱਥੇ ਪਿਛਲੇ 10 ਘੰਟਿਆਂ ਦੌਰਾਨ 423 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਪਹਿਲਾਂ ਹੀ ਭਾਰੀ ਮੀਂਹ ਅਤੇ ਹੜ੍ਹਾਂ ਦੀ ਚੇਤਾਵਨੀ ਜਾਰੀ ਕਰ ਦਿੱਤੀ ਸੀ। ਰਾਵਲਪਿੰਡੀ, ਚੱਕਵਾਲ ਅਤੇ ਨੇੜਲੇ ਇਲਾਕਿਆਂ ਵਿੱਚ ਨਦੀਆਂ ਤੇ ਨਾਲਿਆਂ ਵਿੱਚ ਪਾਣੀ ਦੀ ਪੱਧਰ ਕਾਫ਼ੀ ਉਚਾ ਹੋ ਗਿਆ ਹੈ।
ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਲੋਕਾਂ ਨੂੰ ਅਗਾਹ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸਥਾਨਕ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।















