ਡੀ ਸੀ ਨੇ ਉਦਯੋਗਿਕ ਐਸੋਸੀਏਸ਼ਨਾਂ ਦੀ ਮੁਸ਼ਕਿਲਾਂ ਸੁਣੀਆਂ; ਸਮਸਿਆਵਾਂ ਦੇ ਸਮੇਂ ਸਿਰ ਹੱਲ ਦਾ ਭਰੋਸਾ ਦਿੱਤਾ

ਪੰਜਾਬ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜੁਲਾਈ ,ਬੋਲੇ ਪੰਜਾਬ ਬਿਊਰੋ:

ਪੀ ਐਸ ਆਈ ਈ ਸੀ ਅਤੇ ਸਥਾਨਕ ਅਧਿਕਾਰੀਆਂ ਨਾਲ ਸਬੰਧਤ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਅਤੇ ਫੋਕਲ ਪੁਆਇੰਟਾਂ ਦੀਆਂ ਚਿੰਤਾਵਾਂ ਅਤੇ ਮੁਸ਼ਕਿਲਾਂ ਨੂੰ ਦੂਰ ਕਰਨ ਲਈ, ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਇੱਕ ਵਿਸਥਾਰਤ ਮੀਟਿੰਗ ਬੁਲਾਈ ਗਈ। ਪੀ ਐਸ ਆਈ ਈ ਸੀ, ਉਦਯੋਗ ਵਿਭਾਗ ਅਤੇ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਇਸ ਮੈਰਾਥਨ ਸੈਸ਼ਨ ਵਿੱਚ ਹਿੱਸਾ ਲਿਆ।

ਉਦਯੋਗਿਕ ਪ੍ਰਤੀਨਿਧੀਆਂ ਨੂੰ ਭਰੋਸਾ ਦਿਵਾਉਂਦੇ ਹੋਏ, ਡੀ ਸੀ ਮਿੱਤਲ ਨੇ ਕਿਹਾ ਕਿ ਉਠਾਏ ਗਏ ਸਾਰੇ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਜਾਵੇਗਾ। ਸਥਾਨਕ ਪੱਧਰ ‘ਤੇ ਹੱਲ ਕੀਤੇ ਜਾ ਸਕਣ ਵਾਲੇ ਮਾਮਲਿਆਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ, ਜਦੋਂ ਕਿ ਜਿਨ੍ਹਾਂ ਮਾਮਲਿਆਂ ਲਈ ਰਾਜ ਸਰਕਾਰ ਦੇ ਦਖਲ ਦੀ ਲੋੜ ਹੈ, ਉਨ੍ਹਾਂ ਨੂੰ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ।

ਡੇਰਾਬਸੀ ਇੰਡਸਟਰੀ ਐਸੋਸੀਏਸ਼ਨ ਵੱਲੋਂ ਉਠਾਏ ਗਏ ਮੁੱਖ ਮੁੱਦੇ ਜਿਨ੍ਹਾਂ ਵਿੱਚ ਡੇਰਾਬਸੀ-ਬਰਵਾਲਾ ਸੜਕ ਨੂੰ ਪੂਰਾ ਕਰਨਾ ਅਤੇ ਚੱਲ ਰਹੇ ਸਟੋਰਮ ਸੀਵਰ ਦੇ ਕੰਮ, ਫੋਕਲ ਪੁਆਇੰਟ ਵਿੱਚ ਸੀਵਰ ਲਾਈਨਾਂ ਦੀ ਸਫਾਈ, ਲੈਂਡਸਕੇਪਿੰਗ ਅਤੇ ਈ ਐਸ ਆਈ ਡਿਸਪੈਂਸਰੀ ਦੇ ਰੱਖ-ਰਖਾਅ, ਫੋਕਲ ਪੁਆਇੰਟ ਸੜਕਾਂ ‘ਤੇ ਸਟੋਰਮ ਸੀਵਰ ਸਿਸਟਮ ਦੀ ਜ਼ਰੂਰਤ ਸ਼ਾਮਲ ਹੈ ਜੋ ਸੜ੍ਹਕਾਂ ਉਦਯੋਗਿਕ ਇਕਾਈਆਂ ਤੋਂ ਉੱਚੇ ਪੱਧਰ ‘ਤੇ ਹਨ।

ਇਸ ਦੇ ਜਵਾਬ ਵਿੱਚ, ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਦੱਸਿਆ ਕਿ ਮੁਬਾਰਿਕਪੁਰ ਤੋਂ ਰਾਮਗੜ੍ਹ ਸੜਕ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਮੌਜੂਦਾ ਈ ਐਸ ਆਈ ਡਿਸਪੈਂਸਰੀ ਨੂੰ ਇੱਕ ਪੂਰਨ ਹਸਪਤਾਲ ਵਿੱਚ ਅਪਗ੍ਰੇਡ ਕਰਨ ‘ਤੇ ਸਰਗਰਮ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਦਰਮਿਆਨ ਈ ਐਸ ਆਈ ਅਤੇ ਰਾਜ ਸਿਹਤ ਵਿਭਾਗ ਵਿਚਕਾਰ ਸਮਝੌਤਾ ਹੋਣ ਉਪਰੰਤ ਇਸ ਸਮੇਂ ਈ ਐਸ ਆਈ ਦੇ ਉੱਚ ਅਧਿਕਾਰੀਆਂ ਦੁਆਰਾ ਪ੍ਰਵਾਨਗੀ ਲਈ ਲੰਬਿਤ ਹੈ।

ਡੀ ਸੀ ਨੇ ਬਰਵਾਲਾ ਰੋਡ ਅਤੇ ਫੀਡਰ ਲਾਈਨ ਦੇ ਨਾਲ ਬਿਜਲੀ ਲਾਈਨ ਦੇ ਰੱਖ ਰਖਾਅ ਦੇ ਮੁੱਦੇ ਨੂੰ ਪਾਵਰਕਾਮ ਅਧਿਕਾਰੀਆਂ ਨਾਲ ਉਠਾਉਣ, ਭਾਂਖਰਪੁਰ ਪੁਲ ਦੀ ਉਸਾਰੀ ਤੋਂ ਪ੍ਰਭਾਵਿਤ ਸਰਵਿਸ ਰੋਡ ‘ਤੇ ਟ੍ਰੈਫਿਕ ਭੀੜ ਨੂੰ ਹੱਲ ਕਰਨ ਲਈ ਟ੍ਰੈਫਿਕ ਪੁਲਿਸ ਅਤੇ ਐਨ ਐਚ ਏ ਆਈ ਨਾਲ ਤਾਲਮੇਲ ਕਰਨ ਲਈ ਵੀ ਵਚਨਬੱਧਤਾ ਪ੍ਰਗਟਾਈ। ਡੇਰਾਬੱਸੀ ਵਿੱਚ ਉਦਯੋਗ ਸੇਵਾ ਕੇਂਦਰ ਦੇ ਨਕਸ਼ੇ ਦੀ ਲੰਬਿਤ ਪ੍ਰਵਾਨਗੀ ਨੂੰ ਹੱਲ ਕਰਨ ਦਾ ਵੀ ਭਰੋਸਾ ਦਿੱਤਾ।

ਚਨਾਲੋ ਫੋਕਲ ਪੁਆਇੰਟ ਦੇ ਨੁਮਾਇੰਦਿਆਂ ਨੇ ਸਟੋਰਮ ਸੀਵਰ ਸਥਾਪਨਾ ਅਤੇ ਡੀ ਸਿਲਟਿੰਗ, ਐਸ ਟੀ ਪੀ ਤੋਂ ਟ੍ਰੀਟ ਕੀਤੇ ਪਾਣੀ ਦੀ ਕੁਸ਼ਲ ਵਰਤੋਂ, ਮਹਿਲਾ ਕਰਮਚਾਰੀਆਂ ਲਈ ਸਮਰਪਿਤ ਬੱਸ ਸਟਾਪ ਦੀ ਜ਼ਰੂਰਤ ਅਤੇ ਬਿਹਤਰ ਕੂੜਾ ਇਕੱਠਾ ਕਰਨ ਦੇ ਢੰਗਾਂ ਨਾਲ ਸਬੰਧਤ ਚਿੰਤਾਵਾਂ ਉਠਾਈਆਂ।

ਡੀ ਸੀ ਨੇ ਚਨਾਲੋ ਫੋਕਲ ਪੁਆਇੰਟ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਵਿੱਚੋਂ ਹਰੇਕ ਮੁੱਦੇ ਤੇ ਵਿਚਾਰ ਕੀਤੀ ਜਾਵੇਗੀ ਅਤੇ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।

ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਟ੍ਰੈਫਿਕ ਭੀੜ ਨੂੰ ਘਟਾਉਣ ਲਈ ਏਅਰਪੋਰਟ ਰੋਡ ਦੇ ਸਮਾਨਾਂਤਰ ਰਸਤੇ ਵਿਕਸਤ ਕਰਨ, ਬਿਜਲੀ ਦੀਆਂ ਲਾਈਨਾਂ ਵਿੱਚ ਵਿਘਨ ਨੂੰ ਰੋਕਣ ਲਈ ਰੁੱਖਾਂ ਦੀ ਛਾਂਟੀ, ਕੂੜਾ ਇਕੱਠਾ ਕਰਨ ਅਤੇ ਪਾਰਕਾਂ ਦੀ ਦੇਖਭਾਲ ਵਿੱਚ ਸੁਧਾਰ ਅਤੇ ਸੜਕਾਂ ਤੇ ਪਾਣੀ ਭਰਨ ਦੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ।

ਡਿਪਟੀ ਕਮਿਸ਼ਨਰ ਨੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਨੂੰ ਦੱਸਿਆ ਕਿ ਸੜਕ ਦੀ ਭੀੜ ਘਟਾਉਣ ਲਈ ਪਹਿਲਾਂ ਹੀ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨਾਈਪਰ ਤੋਂ ਬਲੌਂਗੀ ਰੋਡ ਤੱਕ ਦਾ ਰਸਤਾ ਅਤੇ ਫੇਜ਼ 1 ਤੋਂ ਫੇਜ਼ 8 ਤੱਕ ਸ਼ਹਿਰ ਦੀ ਸੜਕ ਨੂੰ ਚੌੜਾ ਕਰਨਾ ਵਿਚਾਰ ਅਧੀਨ ਹੈ। ਹੋਰ ਮੁੱਦਿਆਂ ਨੂੰ ਤੁਰੰਤ ਕਾਰਵਾਈ ਲਈ ਨਗਰ ਨਿਗਮ ਮੋਹਾਲੀ ਨੂੰ ਭੇਜਿਆ ਜਾਵੇਗਾ।

ਇਸ ਤੋਂ ਇਲਾਵਾ, ਡੀਸੀ ਨੇ ਪੰਜਾਬ ਲਘੂ ਉਦਯੋਗ ਨਿਰਯਾਤ ਨਿਗਮ ਦੇ ਪ੍ਰਤੀਨਿਧੀ ਬਿਕਰਮਜੀਤ ਸਿੰਘ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਕਿ ਪੀ ਐਸ ਆਈ ਈ ਸੀ ਦੇ ਦਾਇਰੇ ਅਧੀਨ ਆਉਂਦੇ ਸਾਰੇ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ।

ਮੀਟਿੰਗ ਵਿੱਚ ਏ ਡੀ ਸੀ (ਜ) ਗੀਤਿਕਾ ਸਿੰਘ, ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਬਾਂਸਲ, ਜਨਰਲ ਸਕੱਤਰ ਦਿਲਪ੍ਰੀਤ ਸਿੰਘ ਬੋਪਾਰਾਏ, ਡੇਰਾਬੱਸੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਮਿੱਤਲ, ਜਨਰਲ ਸਕੱਤਰ ਰਾਕੇਸ਼ ਅਗਰਵਾਲ, ਚਨਾਲੋ ਇੰਡਸਟਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਸ਼ੇਖਰ ਜਿੰਦਲ ਅਤੇ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਅਰਸ਼ਜੀਤ ਸਿੰਘ ਸ਼ਾਮਲ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।